ਚੰਗੇ ਰਹਿੰਦੇ

ਚੰਗੇ ਰਹਿੰਦੇ

ਜੇ ਕੰਡਿਆਲੇ

ਭਾਵਾਂ ਵਾਲੇ

ਰਾਹ ਨਾ ਪੈਂਦੇ

ਜੇ ਨਾ ਪੈਂਦੇ

ਸੋਜ਼ਾਂ ਭਰੀਆਂ ਸੋਚਾਂ ਦੇ ਵੱਸ 

ਜੇ ਵੱਸ ਚਲਦਾ ਆਪਣਾ 

ਸੂਖ਼ਮ ਚਿੱਤ ਨਾ ਹੁੰਦਾ ਈਕਣ 

ਤੁੰਬਿਆ ਤਾੜੇ ਤੰਦੀ ਚੜ੍ਹਿਆ 

ਇੰਜ ਨਾ ਹੁੰਦਾ ਚੜ੍ਹਿਆ 

ਵੱਟ ਸਾਹਾਂ ਨੂੰ

ਅੰਦਰੋਂ ਅੰਦਰੀ

ਗੁਛਮ ਗੁਛਾ ਹੋਈਆਂ ਚੀਸਾਂ

ਕਾਹਨੂੰ ਸਹਿੰਦੇ

ਚੋਭਾਂ ਮਹਿਕ ਦੀਆਂ ਨਾ ਹੁੰਦੀਆਂ

ਜੇਕਰ ਲੱਗੀਆਂ

ਭੁੱਖਾਂ ਦਾ ਕੁਝ ਔਖ ਨਹੀਂ ਸੀ

ਸੂਰਾਂ ਵਾਂਗੂ

ਜਿਥੇ ਵੀ ਬੂਥੀ ਖੁਭ ਜਾਂਦੀ

ਪੇਟ ਤੂੜ ਕੇ

ਘੂਕ ਘੁਰਾੜੀ

ਸੁੱਤੇ ਪਏ ਸੂਕਦੇ ਰਹਿੰਦੇ 

ਜੇ ਇਸ ਦਿਲ ਨੇ

ਦਰਦਾਂ ਬਾਝੋਂ ਨਹੀਂ ਬਚਣਾ ਸੀ 

ਤਾਂ ਇਕਲਾਪੇ ਦੇ ਗੁੰਬਦ ਵਿਚ 

ਆਪਣੀ ਹੀ ਆਵਾਜ਼ ਨਾ ਸੁਣਦੇ 

ਬੇਬਸੀਆਂ ਦੇ ਮਿਹਣੇ

ਇੰਜ ਨਾ

ਨੀਂਦਾਂ ਟੁੰਬਦੇ 

ਅੱਧੀ ਰਾਤੀਂ 

ਉਠ ਉਠ ਬਹਿੰਦੇ

ਆਪਣੇ ਮਨ ਦੇ ਸ਼ੀਸ਼ੇ ਅੱਗੇ

ਸੰਗੀ ਸਾਥੀ

ਅੰਗ ਸਹੇਲਾ

ਮਹਿਰਮ ਰਮਜ਼ ਪਛਾਨਣ ਵਾਲਾ

ਧੁਰੋਂ ਲਿਖਾ ਕੇ ਆਉਂਦੇ

ਦਰਦ ਭਿਆਲੀ ਪਾਉਂਦੇ

ਸਾਂਝ ਸੋਜ਼ ਦੀ ਸੋਝੀ ਹੁੰਦੀ

ਜਾਂ ਫਿਰ ਕਰਨੀ ਵਾਲੇ ਹੁੰਦੇ

ਇੰਜ ਨਾ ਮਿਹਣੇ ਬੇਬਸੀਆਂ ਦੇ

ਨੀਂਦਾਂ ਟੁੰਬਦੇ

ਭਾਵਾਂ ਨੂੰ ਕੁਝ ਹਿੰਮਤ ਮਿਲਦੀ

ਕਰਮਾਂ ਦੀ ਤੇ ਸੂਹ ਕਰਤਵ ਦੀ

ਹੋਣੀ ਆਪਣੇ ਹੱਥ ਵਿਚ ਕਰਦੇ

ਤੇ ਫਿਰ ਕਰਦੇ

ਢਾ ਕੇ ਸਾਰੀ

ਮਨ ਮਰਜ਼ੀ ਦੀ ਇਹ ਜੱਗ ਰਚਨਾ 

ਜੇ ਕਰ ਕਰਨੀ ਵਾਲੇ ਹੁੰਦੇ।

📝 ਸੋਧ ਲਈ ਭੇਜੋ