ਚੰਨ ਦੇ ਚਾਨਣ ਹੱਥੋਂ ਸੜਦੀ, ਏਦਾਂ ਜਿੰਦ ਅਸੀਰਾਂ ਦੀ ।
ਜੀਵੇਂ ਸੁੱਕੇ ਕੱਖਾਂ ਉੱਪਰ, ਬਾਰਸ਼ ਬਲਦਿਆਂ ਤੀਰਾਂ ਦੀ ।
ਰੂਹਾਂ ਉਪਰ ਜਬਰ ਨਹੀਂ ਹੁੰਦਾ, ਸੋਚ ਤੇ ਪਹਿਰਾ ਲੱਗਦਾ ਨਈਂ,
ਜਿਸਮਾਂ ਤਾਈਂ ਰਹਿਣੀ ਹੈ ਬੱਸ, ਚੋਭ ਇਨ੍ਹਾਂ ਜ਼ੰਜ਼ੀਰਾਂ ਦੀ ।
ਵੇਲੇ ਕੱਢੇ ਮਿੱਟੀ ਹੇਠੋਂ, ਦਰਦ, ਪਰਾਏ ਸ਼ਹਿਰਾਂ ਦੇ,
ਕੂਕ ਸੁਣਾਂ ਮੈਂ ਪੱਥਰ ਵਿੱਚੋਂ, ਝਾਕਦੀਆਂ ਤਹਿਰੀਰਾਂ ਦੀ ।
ਸਾਦ-ਮੁਰਾਦੇ ਚਿਹਰੇ ਚੰਗੇ ਲਗਦੇ, ਨਹੀਉਂ ਲੋਕਾਂ ਨੂੰ,
ਅੱਜ ਕੱਲ੍ਹ ਚੜ੍ਹਤ ਏ ਸ਼ਹਿਰਾਂ ਦੇ ਵਿੱਚ, ਰਾਂਗਲੀਆਂ ਤਸਵੀਰਾਂ ਦੀ ।
ਪੱਥਰ ਵਰਗੇ ਸੂਰਜ ਕੋਲੋਂ, ਦਰਦੀ ਨ੍ਹੇਰਾ ਚੰਗਾ ਏ,
ਸਾਡੇ ਚਿੱਟੇ ਦਿਲ ਤੋਂ ਸੋਹਣੀ, ਕਾਲੀ ਰਾਤ ਫ਼ਕੀਰਾਂ ਦੀ ।
ਕੁੱਝ ਕਹੀਆਂ ਅਣਕਹੀਆਂ ਗੱਲਾਂ, ਵਿਰਸਾ ਵਿਛੜੇ ਵੇਲੇ ਦਾ,
ਕੁੱਝ ਯਾਦਾਂ ਦੀ ਸਾਂਭ ਤੇ ਸਾਰੀ ਪੂੰਜੀ ਏ ਦਲਗੀਰਾਂ ਦੀ ।