ਚੰਨ ਦੇ ਉੱਤੇ ਆਪਣੇ ਚੰਨ ਦਾ‌

ਚੰਨ ਦੇ ਉੱਤੇ ਆਪਣੇ ਚੰਨ ਦਾ‌ ਨਾਂ ਲਿਖਣਾ ਹੈ ।

ਮੇਰਾ, ਉਹਦੇ ਨਾਲੋਂ ਸੋਹਣਾ ਤਾਂ ਲਿਖਣਾ ਹੈ ।

ਸਾਰੀ ਦੁਨੀਆਂ ਨੂੰ ਮੈਂ ਹਾੜ੍ਹ ਮਹੀਨਾ ਲਿਖਣਾ,

ਤੈਨੂੰ ਤੂਤਾਂ ਵਾਲੇ ਖੂਹ ਦੀ ਛਾਂ ਲਿਖਣਾ ਹੈ ।

ਤੇਰੇ ਨੈਣਾਂ ਵਿੱਚ ਸਵਾਲਾਂ ਉੱਠਦਿਆਂ ਦਾ,

ਮੈਂ ਹਰ ਹਾਲ ਚ ਇੱਕੋ ਉੱਤਰ, 'ਹਾਂ' ਲਿਖਣਾ ਹੈ ।

ਤਖ਼ਤ ਹਜ਼ਾਰਾ ਛੱਡ ਕੇ ਤੁਰਦੇ ਧੀਦੋ ਨੇ, ਹੁਣ

ਝੰਗ ਸਿਆਲ ਨੂੰ ਆਪਣਾ ਸ਼ਹਿਰ ਗਰਾਂ ਲਿਖਣਾ ਹੈ ।

ਮੇਰੇ ਪਿੰਡ ਤੋਂ ਤੇਰੇ ਸ਼ਹਿਰ ਦੀ ਦੂਰੀ ਨੂੰ ਮੈਂ, 

ਸਾਡੇ ਦੋਹਾਂ ਦੇ ਵਿਚਕਾਰ ਝਨਾਂ ਲਿਖਣਾ ਹੈ ।

ਜਿੱਥੇ ਬਹਿ ਕੇ ਸ਼ਬਦ ਨਹੀਂ, ਅਹਿਸਾਸ ਘੜੇ ਨੇ,

ਤੇਰੀ ਬੁੱਕਲ ਨੂੰ ਮੈਂ ਸੁੱਚੀ ਥਾਂ ਲਿਖਣਾ ਹੈ ।

ਰੂਪ ਅਮਨ ਦੀ ਸ਼ਾਇਰੀ ਤਾਂਈਂ ਬਖਸ਼ਣ ਵਾਲੇ, 

ਮਹਿਰਮ ਨੂੰ, ਮੈਂ ਗ਼ਜ਼ਲਾਂ ਦੇ ਵਿੱਚ 'ਜਾਂ' ਲਿਖਣਾ ਹੈ ।

📝 ਸੋਧ ਲਈ ਭੇਜੋ