ਚੰਨ ਜੇ ਮੁੱਖ ਲਕੋਇਆ ਏ ਕੁਝ ਤੇ ਹੋਇਆ ਏ

ਚੰਨ ਜੇ ਮੁੱਖ ਲਕੋਇਆ ਏ ਕੁਝ ਤੇ ਹੋਇਆ ਏ 

ਬੱਦਲ ਹੱਸ ਕੇ ਰੋਇਆ ਏ ਕੁਝ ਤੇ ਹੋਇਆ ਏ

ਕਿੰਨੀਆਂ ਰੀਝਾਂ ਲੈ ਕੇ ਦੋ ਅੱਖੀਆਂ ਵਿਚ 'ਕੱਲਾ 

ਸੂਰਜ ਡੁੱਬ ਕੇ ਮੋਇਆ ਏ ਕੁਝ ਤੇ ਹੋਇਆ ਏ

ਸੋਚ ਰਿਹਾ ਵਾਂ ਜੇ ਨਈਂ ਚੇਤਰ ਫਾਹੇ ਲੱਗਿਆ 

ਫੇਰ ਕਿਉਂ ਹਾੜ ਨਰੋਇਆ ਏ ਕੁਝ ਤੇ ਹੋਇਆ ਏ 

ਕੰਮ ਬਰਾਬਰ ਸੀ ਅੱਜ ਐਵੇਂ ਤੇ ਨਈਂ ਹਰ ਥਾਂ 

ਇੱਕ ਟਿੱਬਾ ਇੱਕ ਟੋਇਆ ਏ ਕੁਝ ਤੇ ਹੋਇਆ ਏ

ਵੇਲ਼ੇ ਜਿਸਰਾਂ ਚੁੱਪ ਦਾ ਇੱਕੋ ਪੱਥਰ ਬੰਨ੍ਹ ਕੇ

ਪੂਰਾ ਸ਼ਹਿਰ ਡੁਬੋਇਆ ਏ ਕੁਝ ਤੇ ਹੋਇਆ ਏ

ਵਾਅ ਦਾ ਹੱਥ ਈ ਤੰਗ ਏ ਜਾਂ ਫਿਰ ਸੱਜਰੀ ਰੁੱਤ ਦਾ 

ਹਾਣੀ ਮਰਿਆ ਹੋਇਆ ਏ ਕੁਝ ਤੇ ਹੋਇਆ ਏ 

ਕੱਲ ਦਾ ਕਹਿ ਨਈਂ ਸਕਦਾ ਅੱਜਕੱਲ ਬੰਦੇ ਅੱਗੇ 

ਲੱਗਦਾ ਸੱਪ ਗੰਡੋਇਆ ਏ ਕੁਝ ਤੇ ਹੋਇਆ ਏ

ਮਾਸਾ ਮਾਸਾ ਕਰਕੇ ਸੱਜਣਾ ਆਪਣੇ ਵੱਲੇ 

ਕਿੰਜ ਕਿੰਜ ਮੈਨੂੰ ਢੋਇਆ ਏ ਕੁਝ ਤੇ ਹੋਇਆ ਏ 

ਨਜ਼ਮਾਂ ਵਿਚ ਨਈਂ ਜੇ ਤੂੰ ਗ਼ਜ਼ਲਾਂ ਵਿਚ ਵੀ ‘ਸੰਧੂ’ 

ਦੁੱਖ ਤੇ ਦੁੱਖ ਪਰੋਇਆ ਏ ਕੁਝ ਤੇ ਹੋਇਆ ਏ

📝 ਸੋਧ ਲਈ ਭੇਜੋ