ਚੰਨ ਜਿਹੇ ਜਦ ਲੋਕ ਦਿਲਬਰ ਹੋ ਗਏ ।
ਤਾਰਿਆਂ ਦੇ ਵਾਂਗ ਅੱਖਰ ਹੋ ਗਏ ।
ਨਫ਼ਰਤਾਂ ਦੇ ਸ਼ਹਿਰ ਦੇ ਵਿਚ ਆਨ ਕੇ,
ਕੱਚ ਦੇ ਜਜ਼ਬੇ ਵੀ ਖੰਗਰ ਹੋ ਗਏ ।
ਹਿਜਰ ਦੇ ਇਕ ਪਲ 'ਚ ਐਨਾ ਦਰਦ ਸੀ,
ਨੈਣ ਗੋਰੀ ਦੇ ਸਮੁੰਦਰ ਹੋ ਗਏ ।
ਵਸਲ ਦੇ ਵੇਲੇ ਸੀ ਐਨੇ ਚਾਅ ਚੜ੍ਹੇ,
ਸਾਹ ਮੇਰੇ ਸੀਨੇ 'ਚ ਝਾਂਜਰ ਹੋ ਗਏ ।
ਸੋਚ ਦੀ ਖੇਤੀ ਬੜੀ ਜ਼ਰਖ਼ੇਜ਼ ਸੀ,
ਉਹਦੇ ਸਾਹਵੇਂ ਹਰਫ਼ ਬੰਜਰ ਹੋ ਗਏ ।
ਮੌਸਮਾਂ ਦੇ ਮੂੰਹ ਤੇ ਜ਼ਰਦੀ ਦੇਖਕੇ,
ਪੰਛੀਆਂ ਦੇ ਗੀਤ ਪੱਥਰ ਹੋ ਗਏ ।
ਰੁੱਖ ਤੂੰ ਲਾਏ ਗ਼ਮਾਂ ਦੇ ਸੀ ਕਦੀ,
ਅੱਜ ਉਹ ਮੇਰੇ ਬਰਾਬਰ ਹੋ ਗਏ ।
ਚਾਨਣੀ ਦਾ ਰੂਪ 'ਅਕਰਮ' ਧਾਰ ਕੇ,
ਆਸ ਦੇ ਸੁਫ਼ਨੇ ਵੀ ਸੁੰਦਰ ਹੋ ਗਏ ।