ਚੰਨ ਸੀ ਸ਼ਬਰਾਤ ਸੀ

ਚੰਨ ਸੀ, ਸ਼ਬਰਾਤ ਸੀ, ਤਾਰੇ ਵੀ ਸਨ, ਦਿਲਬਰ ਨਾ ਸੀ

ਰੌਣਕਾਂ ਹੀ ਰੌਣਕਾਂ ਸਨ, ਪਰ ਮੇਰਾ, ਇਕ ਘਰ ਨਾ ਸੀ।

ਸੀ ਕਿਨਾਰੇ, ਘਰ ਮੇਰਾ ਤਾਂ, ਲੋਕ ਰਿਸ਼ਤੇਦਾਰ ਸਨ

ਜਦ ਤੁਫਾਨਾਂ ਘੇਰਿਆ, ਇਕ ਸ਼ਖਸ ਵੀ, ਤਤਪਰ ਨਾ ਸੀ।

ਮੀਲ ਪੱਥਰ, ਰਸਤਿਆਂ ਵਿੱਚ, ਆਂਵਦੇ, ਜਾਂਦੇ ਰਹੇ

ਰਸਤਿਆਂ ਦੀ ਮੌਜ ਮਸਤੀ, ਓਸ ਨੂੰ ਜ਼ਾਹਰ ਨਾ ਸੀ।

ਓਸ ਦੇ ਘਰ ਦੌਲਤਾਂ ਦੇ ਤਾਂ ਲੱਗੇ ਅੰਬਾਰ ਸਨ

ਪਰ, ਕਿਤਾਬਾਂ ਕਾਗ਼ਜ਼ਾਂ ਦੀ, ਦੂਰ ਤਕ ਕਾਤਰ ਨਾ ਸੀ।

ਵਿਸ਼ ਭਰੇ, ਸ਼ਬਦਾਂ ਦੇ ਨਸ਼ਤਰ, ਬੋਲ ਕੇ ਸਭ ਲੜ ਪਏ

ਸ਼ਖਸ ਇਕ ਨੇ ਹੱਥ ਫੜੀ, ਬੇਸ਼ਕ ਕੋਈ ਗਾਤਰ ਨਾ ਸੀ।

ਰਹਿਮਤਾਂ ਤਾਂ ਵੰਡਦੀ ਰਈ, ਰੋਜ਼ ਭਰ ਭਰ ਜ਼ਿੰਦਗੀ

ਪਰ ਘੜਾ, ਬਰਸਾਤ ਵਿੱਚ, ਖ਼ਾਲੀ ਰਿਹਾ, ਪਾਤਰ ਨਾ ਸੀ।

ਸੜਕ ਕਾਲੀ, ਰਾਜ ਮਾਰਗ, ਮੀਲ ਪੱਥਰ, ਕਨਕਰੀਟ

ਫ਼ਾਸਲੇ ਹੀ ਫ਼ਾਸਲੇ, ਪਰ ਦੂਰ ਤਕ, ਤਰਵਰ ਨਾ ਸੀ।

ਪਰਬਤਾਂ, ਮਾਰੂਥਲਾਂ ਤੇ ਜੰਗਲਾਂ ਵਿਚ ਖੋਜਿਆ

ਪਰ ਸਮਾਵਣ ਵਾਸਤੇ, ਸਾਹਵੇਂ ਮੇਰੇ ਸਾਗਰ ਨਾ ਸੀ।

ਸਦਗੁਣੀ ਖੁਸ਼ਬੂ ਰਹੀ, ਪਰ ਅਵਗੁਣਾਂ ਦੀ ਸਾਂਝ ਸੀ

ਸੀ ਬੜਾ ਚਾਤਰ, ਤਾਂ ‘ਉੱਪਲ’ ਪਰ ਕਦੇ ਸਾਬਰ ਨਾ ਸੀ।

📝 ਸੋਧ ਲਈ ਭੇਜੋ