ਚੰਨਾਂ ਸੂਰਜਾਂ ਨਾਲੋਂ ਕਿਧਰੇ ਸੋਹਣਾ ਨਾਂ ਸੱਜਣ ਦਾ ।
ਸਭ ਠਾਹਰਾਂ ਤੋਂ ਨਵਾਂ ਨਕੋਰ ਏ ਪਿੰਡ ਗਰਾਂ ਸੱਜਣ ਦਾ ।
ਵਿਛੀਆਂ ਹੋਈਆਂ ਨੇ ਖ਼ੁਸ਼ਬੂਆਂ ਬੇਲੇ-ਬੇਲੇ ਅੰਦਰ,
ਲਿਸ਼ਕਾਂ ਨਾਲ ਭਰੀਜਿਆ ਵਗੇ ਪੀਰ ਝਨ੍ਹਾਂ ਸੱਜਣ ਦਾ ।
ਸਭੇ ਬਹਾਰਾਂ, ਵਾਵਾਂ, ਰੁੱਤਾਂ, ਉਹਦੀ ਧੂੜ ਬਰਾਬਰ,
ਸਭ ਥਾਵਾਂ ਵਿਚ ਵਸਦਾ ਏ ਪਰ ਕਿਤੇ ਨਾ ਥਾਂ ਸੱਜਣ ਦਾ ।
ਕਹਿਕਸ਼ਾਂ ਵੀ ਜ਼ੁਲਫ਼ਾਂ ਅੰਦਰ ਕੱਢੀਆਂ ਨੇ ਫੁੱਲ ਝੜੀਆਂ,
ਅਰਸ਼ ਪੁਰਾਣੇ ਨਾਲੋਂ ਵਾਧੂ ਰੂਪ ਜਵਾਂ ਸੱਜਣ ਦਾ ।
ਹੁਣ ਤੇ ਇਕ ਮੁੱਦਤ ਤੋਂ ਦੋਵੇਂ ਚੇਤਿਆਂ ਅੰਦਰ ਵਸਦੇ,
ਕਦੀ ਤੇ ਸੱਜਣ ਮੇਰਾ ਸੀ ਤੇ ਮੈਂ ਵੀ ਸਾਂ ਸੱਜਣ ਦਾ ।
ਉਹਦੀ ਟੋਹਰ ਦੇ ਸਦਕੇ ਸਾਡਾ ਵੱਜ ਰਿਹਾ ਏ ਡੰਕਾ,
ਵੈਰੀਆਂ ਤੋਂ ਵੀ ਯਾਰ 'ਖ਼ਿਆਲਾ' ਪਿਆ ਅਕਵਾਂ ਸੱਜਣ ਦਾ ।