ਚੰਨਾ ਤੇਰੀ ਚਾਨਣੀ ਦੀ ਲੱਪ ਕੁ ਉਧਾਰੀ ਦੇ ਦੇ
ਬਾਪੂ ਦਿਆਂ ਰਾਹਾਂ ਚ ਵਿਛਾਉਣ ਨੂੰ
ਮੱਸਿਆ ਦੀ ਰਾਤ ਜਹੇ ਕੱਟੇ ਦਿਨ ਕਾਲੇ
ਮੇਰੀ ਝੋਲੀ ਚ ਸਵੇਰ ਸੂਹੀ ਪਾਉਣ ਨੂੰ
ਪੌਣੇ ਸੁਣ ਮੋੜ ਦੇ ਨੀ ਤੇਰੇ ਵਿਚ ਘੁਲ ਗਈ ਸੀ
ਮੇਹਨਤੀ ਦੇ ਮੁੜ੍ਹਕੇ ਦੀ ਬਾਸ਼ਨਾ
ਚਮੇਲੀ ਦਿਆਂ ਫੁੱਲਾਂ ਵਿਚੋਂ ਆਉਣ ਜੋ ਸੁਗੰਧੀਆਂ
ਉਹ ਵੀ ਓਹਦੇ ਮੂਹਰੇ ਕੁਝ ਖਾਸ ਨਾ
ਖਿੜੀਏ ਕਪਾਹੇ ਤੇਰੇ ਮੁਖੜੇ ਦਾ ਨੂਰ ਲਾਹਾਂ
ਜੁੱਤੀ ਓਹਦੇ ਪੈਰਾਂ ਦੀ ਬਣਾਉਣ ਨੂੰ
ਜੇਠ ਹਾੜ ਦੇ ਮਹੀਨੇ ਵਿਚ ਮਿੰਨਤਾਂ ਈ ਸੂਰਜਾ ਓਏ
ਹਾੜਾ ਈ ਓਹਦਾ ਪਿੰਡ ਨਾ ਤਪਾਈਂ ਵੇ
ਪੋਹ ਮਾਘ ਵਿਚ ਕਿਰਨਾਂ ਦਾ ਕਰਕੇ ਸ਼ਿੰਗਾਰ
ਓਹਦੇ ਵੇਹੜੇ ਵਾਲਾ ਰਾਹ ਤੂੰ ਵਿਖਾਈਂ ਵੇ
ਪੱਕੀਏ ਨੀ ਕਣਕੇ ਤੂੰ ਰੰਗ ਪਾ ਦੇ ਝੋਲੀ
ਓਹਦੇ ਸਿਰ ਵਾਲਾ ਤਾਜ਼ ਰੰਗਾਉਣ ਨੂੰ
ਟਾਹਲੀਏ ਤੇ ਨਿੰਮੇ ਤੂੰ ਵੀ ਦੇ ਦਈਂ ਦੁਵਾਂਵਾਂ
ਤੇਰਾ ਮੇਰੇ ਵਾਂਗੂ ਰੱਖਿਆ ਖ਼ਿਆਲ ਨੀ
ਮਿੱਟੀਏ ਨੀ ਚਿੱਤ ਕਰੇ ਪਾਲਾਂ ਗਲਵਕੜੀ
ਤੂੰ ਰਹੀ ਸਦਾ ਓਹਦੇ ਨਾਲ ਨਾਲ ਨੀ
'ਅਮਨ ਚਾਹਲ' ਲਫ਼ਜ਼ਾਂ ਦਾ ਕਰੇ ਧੰਨਵਾਦ
ਜਿਹਨਾਂ ਸਾਥ ਦਿੱਤਾ ਸਿਫਤ ਲਿਖਾਉਣ ਨੂੰ
ਮੱਸਿਆ ਦੀ ਰਾਤ ਜਹੇ ਕੱਟੇ ਦਿਨ ਕਾਲੇ
ਮੇਰੀ ਝੋਲੀ 'ਚ ਸਵੇਰ ਸੂਹੀ ਪਾਉਣ ਨੂੰ
ਚੰਨਾ ਤੇਰੀ ਚਾਨਣੀ ਦੀ ....