ਅੱਗੇ ਲੰਘ ਜਾਂਦੀ ਹੈ ਯਾਰੋ
ਚਪਲ ਚੇਤਨਾ ਨਾਲ
ਮੈਂ ਕਿੱਥੋਂ ਤਾਈਂ ਦੌੜਾਂ
ਸੰਸਿਆਂ ਮਾਰੇ ਭਾਵ
ਸਲਾਹੀਂ ਪੈ ਜਾਂਦੇ ਨੇ
ਹਫ ਕੇ ਪਿੱਛੇ ਰਹਿ ਜਾਂਦੇ ਨੇ
ਸੰਭਵ ਅਣਹੋਈਆਂ ਦੀ
ਗੰਢ ਪੋਟਲੀ ਸਾਂਭੀ
ਡਿਗਦਾ ਢਹਿੰਦਾ
ਜੇ ਪਿੱਛੇ ਅਪੜ ਵੀ ਜਾਵਾਂ
ਇਕੋ ਥਾਂ ਜਾ ਕੇ ਰਾਹ ਪਾਟਦੇ
ਕਿਸ ਰਾਹ ਉੱਤੇ ਪੈਰ ਟਿਕਾਵਾਂ
ਸਭੇ ਹੀ ਰਾਹ
ਸੰਘਣੇ ਸੁੰਞੇ
ਜੰਗਲ ਦੇ ਵਿਚ ਗੁੰਮ ਹੋ ਜਾਂਦੇ
ਆਪਣੇ ਟੁਕੜੇ ਟੁਕੜੇ ਕਰਕੇ
ਕਿੰਝ ਵੱਖੋ-ਵੱਖ
ਸੁੰਞੇ ਰਾਹਾਂ ਉੱਤੇ ਪਾਵਾਂ
ਚਪਲ ਚੇਤਨਾ ਨਾਲ
ਮੈਂ ਕੀਕਣ ਸਾਥ ਨਿਭਾਵਾਂ