ਧੁੱਪਾਂ ਜੋ ਖਾ ਗਈ, ਉਨ੍ਹਾ ਛਾਂਵਾਂ ਦਾ ਚਰਚੈ,

ਜੋ ਹੋਈਆਂ ਨੀ ਹਾਲੇ, ਵਫ਼ਾਵਾਂ ਦਾ ਚਰਚੈ।

ਕੁੱਖਾਂ 'ਚ ਜੰਮੀਆਂ 'ਤੇ ਕੁੱਖਾਂ 'ਚ ਮਰੀਆਂ,

ਉਨ੍ਹਾ ਧੀਆਂ ਦਾ ਚਰਚੈ, ਉਨ੍ਹਾ ਮਾਂਵਾਂ ਦਾ ਚਰਚੈ।

ਕਿਉਂ ਹੀਰਾਂ ਦੇ ਹਿੱਸੇ, ਹਜ਼ਾਰੇ ਨੀ ਆਏ,

ਖੇੜੇ ਨੂੰ ਜਾਂਦੇ, ਰਾਵ੍ਹਾਂ ਦਾ ਚਰਚੈ।

ਸੁਹੱਪਣ 'ਤੇ ਨਜ਼ਰ ਨਾ, ਉਹਨਾਂ ਦੀ ਟਿਕਦੀ,

ਕਿਸੇ ਕੰਜਰੀ ਦੇ ਠੁਮਕੇ, ਆਦਾਵਾਂ ਦਾ ਚਰਚੈ।

ਕਿਉਂ ਰੇਤੇ 'ਚ ਭੱਖੜੇ,  ਸੁੱਤੇ ਪਏ ਨੇ,

ਜਾ ਚੁੱਭਦੇ ਨੇ ਪੈਰੀ, ਆਹਾਂ ਦਾ ਚਰਚੈ।

ਇਹ ਕੁਦਰਤ ਹੈ ਚੰਗੀ, ਇਹਨੇ ਚੰਗੀ ਹੀ ਰਹਿਣਾ,

ਕਿਉਂ ਹੋਈਆ ਨੇ ਜ਼ਹਿਰੀ, ਹਵਾਵਾਂ ਦਾ ਚਰਚੈ।

ਕਤਲ ਸੀ ਹੋਏ, ਨਜ਼ਰਾਂ ਤੋਂ ਕਿੰਨੇ,

ਨਾ ਹੁਸਨਾ ਨੂੰ ਮਿਲੀਆਂ, ਸਜਾਵਾਂ ਦਾ ਚਰਚੈ।

ਹੈ ਤੇਰੇ 'ਤੇ ਵਰ੍ਹਦੀ, ਸੁੱਖਾਂ ਦੀ ਬੱਦਲੀ,

ਕਿਉਂ ਮੇਰੇ 'ਤੇ ਚੜ੍ਹੀਆਂ, ਘਟਾਵਾਂ ਦਾ ਚਰਚੈ।

ਉਹ ਮਾਣ ਰਹੇ ਨੇ, ਬਹਾਰਾਂ ਦੇ ਮੌਸਮ,

ਮੇਰੇ ਹਿੱਸੇ ਆਈਆਂ, ਖ਼ਿਜ਼ਾਵਾ ਦਾ ਚਰਚੈ।

'ਸੱਤੇ' ਜੋ ਕੀਤੀ, ਸੀ ਗਲਤੀ ਮੁਹੱਬਤ,

ਗਮ, ਗਮਖ਼ਾਰਾਂ, ਖ਼ਤਾਵਾਂ ਦਾ ਚਰਚੈ।

📝 ਸੋਧ ਲਈ ਭੇਜੋ