ਚੜ੍ਹਦੀ ਹੋਈ ਸਵੇਰ ਕਿ ਡੁੱਬਦੀ ਸ਼ਾਮ ਲਿਖਾਂ।
ਕਿਹੜੇ ਰੰਗ ਦਾ ਸੂਰਜ ਤੇਰੇ ਨਾਮ ਲਿਖਾਂ।
ਤਾਸ਼ ਦਾ ਪੱਤਾ ਹਾਂ ਮੈਂ ਤੇਰੇ ਹੱਥਾਂ ਵਿਚ,
ਮਸਜਦ ਨੂੰ ਕਿ ਮੰਦਰ ਨੂੰ ਪਰਨਾਮ ਲਿਖਾਂ?
ਭਟਕਣ ਹੈ ਪੈਰਾਂ ਵਿਚ ਤਨਹਾ ਬੱਦਲ ਹਾਂ,
ਨਾਮ ਖ਼ਿ਼ਆਲ ਕਿਹੜੇ ਦੇ ਭਰਿਆ ਜਾਮ ਲਿਖਾਂ।
ਸ਼ਾਇਦ ਖ਼ੁਸ਼ਬੂ ਮੇਰਾ ਖ਼ਤ ਪਹੁੰਚਾ ਦੇਵੇ,
ਜੰਗਲ ਦੇ ਹਰ ਰੁੱਖ ਤੇ ਤੇਰਾ ਨਾਮ ਲਿਖਾਂ।
ਸਾਗਰ, ਸਿੱਪੀ, ਮੋਤੀ ਏਂ ਜਾਂ ਫੁੱਲ ਕੰਵਲ,
ਰੂਪ, ਅਰੂਪ ਏਂ? ਪਾਰਬਤੀ ਕਿ ਸ਼ਿਆਮ ਲਿਖਾਂ?
ਕਲਮ ਉਠਾਇਆ ਸਾਹਵੇਂ ਕੋਰਾ ਕਾਗਜ਼ ਹੈ,
ਸਮਝ ਨਾ ਆਵੇ, ਹੁਣ ਕਿਸ ਨੂੰ ਪੈਗ਼ਾਮ ਲਿਖਾਂ?