ਚੜ੍ਹੇ ਸਤਲੁਜ ਦੀ ਸ਼ਾਨ

ਵਗ ਵਗ ਤੂੰ ਸਤਲੁਜ ਬੇਲੀਆ, ਤੈਨੂੰ ਜੋਬਨ ਚੜ੍ਹਿਆ। 

ਤੇਰੇ ਕੰਢੇ ਸੁੱਤਾ ਆਣ ਕੇ, ਕੋਈ ਬੇਲਾ ਹਰਿਆ। 

ਤੇਰੀ ਇਕ ਇਕ ਲਹਿਰ 'ਚ ਸੋਹਣਿਆਂ, ਚੜ੍ਹ ਸਾਵਨ ਭਰਿਆ। 

ਤੇਰੇ ਮੌਜੀ ਹੜ੍ਹ ਵਿਚ ਸਮੇਂ ਦਾ, ਭੱਖ ਸੂਰਜ ਤਰਿਆ॥੧॥

ਸੰਞਾਂ ਦੇ ਵਿਚ ਸੋਹਣਿਆਂ, ਪਰ ਫੜਕੇ ਤੇਰਾ। 

ਹੇਕਾਂ ਦੇ ਵਿਚ ਉੱਡਿਆ, ਧਰਤੀ ਦਾ ਵਿਹੜਾ । 

ਰੁੱਖਾਂ ਦੇ ਵਿਚ ਬੁੱਕਿਆ, ਸ਼ੀਂਹ ਵਾਂਗ ਸਵੇਰਾ। 

ਫੜ ਲਗਰ ਜ਼ਿਮੀਂ ਦੀ ਚੀਰਦਾ, ਵਣ ਬਲੀ ਦਾ ਜੇਰਾ। 

ਇਸ ਭੇਦ ਦੇ ਬੰਨ੍ਹੇ ਸੰਞ ਨੇ, ਕੋਈ ਦੀਪ ਧਰਿਆ, 

ਵਗ ਵਗ ਤੂੰ ਸਤਲੁਜ ਬੇਲੀਆ, ਤੈਨੂੰ ਜੋਬਨ ਚੜ੍ਹਿਆ॥੨॥

ਮਾਤੇ ਫ਼ੀਲ ਜਿਉਂ ਚੱਲਦੇ, ਤੇਰੇ ਪਾਣੀ ਪਿਆਰੇ। 

ਲੱਦੇ ਰੁੱਖ ਨੇ ਵਾਸ਼ਨਾ, ਭਰ ਬੱਦਲ ਗਾੜ੍ਹੇ । 

ਭਰੀ ਚੁੱਪ ਹਿੱਕ ਨਾਰ ਦੀ, ਪਈ ਭਰੇ ਹੁੰਗਾਰੇ।

ਲਹੂ 'ਚ ਪਸ਼ੂ ਲੁਕਾਂਵਦਾ, ਰੰਗ ਬੇ-ਮੁਹਾਰੇ। 

ਮੰਗੂ ਨੂੰ ਛਾਂ ਦੇਣ ਲਈ, ਰੁੱਖ ਬੁੱਕਲ ਹਰਿਆ, 

ਵਗ ਵਗ ਤੂੰ ਸਤਲੁਜ ਬੇਲੀਆ, ਤੈਨੂੰ ਜੋਬਨ ਚੜ੍ਹਿਆ॥੩॥

ਵਿਚ ਉਮਰ ਦਿਆਂ ਪ੍ਰਛਾਵਿਆਂ, ਤਿਰੇ ਵਗਦੇ ਪਾਣੀ। 

ਮੈਂ ਕੂੰਜਾਂ ਵਾਂਗੂੰ ਭਟਕਿਆ, ਬਹੁੜੇ ਹਾਣੀ। 

ਸੁਣ ਤੇਰੀ ਮਾਰੂ ਭੁਜਾ 'ਤੇ, ਬਹਿ ਮੌਤ ਵਡਾਣੀ। 

ਸੰਞ ਦੇ ਸੂਹੇ ਕੰਠ ਵਿਚ, ਕੋਈ ਹੇਕ ਹੋ ਜਾਣੀ। 

ਕਮਲੀ ਰਮਲੀ ਹਵਾ ਨੇ, ਤੇਰਾ ਦਾਮਨ ਫੜਿਆ, 

ਵਗ ਵਗ ਤੂੰ ਸਤਲੁਜ ਬੇਲੀਆ, ਤੈਨੂੰ ਜੋਬਨ ਚੜ੍ਹਿਆ॥੪॥

ਪੌੜ ਸਮੇਂ ਦਾ ਵੱਜਦਾ, ਇਕ ਰਾਤ ਹਨੇਰੀ

ਭਰੀ ਗੁਨਾਹ ਦੀ ਝੋਲ ਵੇ, ਹੋ ਜਾਵੇ ਤੇਰੀ।

ਸੁੱਕੇ ਕੰਠ ਫ਼ਕੀਰ ਦੇ, ਕੋਈ ਚੜ੍ਹੀ ਹਨੇਰੀ। 

ਮੈਂ ਰੁਲਦਾ ਪੱਤਰ ਜ਼ਿਮੀਂ 'ਤੇ, ਤੇਰੀ ਹੇਕ ਲੰਮੇਰੀ।

ਖ਼ਾਲੀ ਅਰਸ਼ਾਂ ਸਾਹਮਣੇ, ਮੈਂ ਕਾਸਾ ਕਰਿਆ, 

ਵਗ ਵਗ ਤੂੰ ਸਤਲੁਜ ਬੇਲੀਆ, ਤੈਨੂੰ ਜੋਬਨ ਚੜ੍ਹਿਆ॥੫॥ 

📝 ਸੋਧ ਲਈ ਭੇਜੋ