ਲਹਿ ਜਾਦੇ ਨੇ ਖੋਪੜ ਸਦਾ ਹੀ ਮਰਦਾਂ ਦੇ॥
ਮੋੜ ਦਿੰਦੇ ਨੇ ਮੂੰਹ ਜੋ ਤਿੱਖੀਆਂ ਕਰਦਾਂ ਦੇ॥
ਮੰਨ੍ਹਦੇ ਨਈ ਏ ਈਂਨ ਕਦੇ ਜਰਵਾਣਿਆਂ ਦੀ,
ਬੇਸ਼ੱਕ ਝੱਖੜ ਝੁੱਲ ਜਾਦੇ ਨੇ ਦਰਦਾਂ ਦੇ॥
ਤਲਵੇ ਚੱਟ ਕੇ ਜੀਭ ਜੋ ਖੁੰਡੀ ਹੋ ਜਾਵੇ,
ਉਸ ਜੀਭ ਚੋ’ ਬਾਤ ਅਣਖ ਦੀ ਫੁੱਟਦੀ ਨਈ॥
ਤੂੰਬਾ ਤੂੰਬਾ ਉੱਡਣਾਂ ਪੈਂਦਾ ਚਰਖੀਆਂ ਤੇ,
ਚਰਖੇ ਕੱਤ ਕੇ ਕਦੇ ਗੁਲਾਮੀ ਟੁੱਟਦੀ ਨਈ॥
ਨੀਂਹਾਂ ਦੇ ਵਿੱਚ ਲਾਉਣੇ ਪੈਦੇ ਸਿਰ ਪਹਿਲਾਂ,
ਫਿਰ ਜਾ ਕੇ ਕਿਤੇ ਕੰਧ ਉਸਰਦੀ ਤਖਤਾਂ ਦੀ॥
ਗੱਲਾਂ ਨਾ ਇਤਿਹਾਸ ਵੀਰਿਆ ਬਣਦੇ ਨਈ,
ਪੀੜ ਝੱਲ੍ਹਣੀ ਪੈਦੀ ਡਾਡਿਆਂ ਵਖਤਾਂ ਦੀ॥
ਚੰਦ ਕੁ ਛਿੱਲੜਾਂ ਖਾਤਰ ਅਣਖ ਜੋ ਵਿੱਕ ਜਾਦੀ,
ਉਹ ਕਦੇ ਵੀ ਜੜ੍ਹ ਜ਼ੁਲਮ ਦੀ ਪੁੱਟਦੀ ਨਈ॥
ਤੂੰਬਾ ਤੂੰਬਾ ਉੱਡਣਾਂ ਪੈਂਦਾ ਚਰਖੀਆਂ ਤੇ,
ਚਰਖੇ ਕੱਤ ਕੇ ਕਦੇ ਗੁਲਾਮੀ ਟੁੱਟਦੀ ਨਈ॥
ਬੰਬ ਬੰਨ੍ਹਣਾ ਪੈਂਦਾ ਚੌੜੀਆਂ ਹਿੱਕਾਂ ਨਾਲ,
ਟੀਸੀ ਵਾਲਾ ਬੇਰ ਤੋੜਨਾ ਸੌਖਾ ਨਹੀ॥
ਮੱਥਾ ਪਾੜਨਾ ਪੈਂਦਾ ਮੱਸ਼ਰੇ ਹਾਥੀਆਂ ਦਾ,
ਅੰਗਿਆਰਿਆਂ ਦੇ ਉੱਤੇ ਦੌੜਨਾ ਸੌਖਾ ਨਹੀ॥
ਜਿਹੜੀਆਂ ਤੇਗ਼ਾ ਵਿੱਚ ਨਾਂ ਚੰਗੀ ਤੜ੍ਹ ਹੋਵੇ,
ਉਹ ਕਦੇ ਵੈਰੀ ਦਾ ਚੂਰਮਾ ਕੁੱਟਦੀ ਨਈ॥
ਤੂੰਬਾ ਤੂੰਬਾ ਉੱਡਣਾਂ ਪੈਂਦਾ ਚਰਖੀਆਂ ਤੇ,
ਚਰਖੇ ਕੱਤ ਕੇ ਕਦੇ ਗੁਲਾਮੀ ਟੁੱਟਦੀ ਨਈ॥
ਸੌਖਾ ਨਈ ਅਡਵਾਇਰ ਮਾਰਨਾ ਲੰਡਨ ਚ’
ਕਠਨ ਤਪੱਸਿਆ ਉਹ ਵੀ ਇੱਕੀ ਸਾਲਾਂ ਦੀ॥
ਭਗਤ ਸਿੰਘ ਜੇ ਕਦੇ ਬੰਦੂਕਾਂ ਬੀਜਦਾ ਨਾ,
ਕਿਹੜਾ ਕਰਦਾ ਗੱਲ ਫੇ ਉੱਚੇ ਖਿਆਲਾਂ ਦੀ॥
ਬੇਸ਼ੱਕ “ਸੱਤਿਆ” ਫਾਂਸੀ ਟੰਗ ਜ਼ਮੀਰਾਂ ਨੂੰ,
ਗੈਰਤਮੰਦ ਦਾ ਕਦੇ ਗਲਾ ਉਹ ਘੁੱਟਦੀ ਨਈ॥
ਤੂੰਬਾ ਤੂੰਬਾ ਉੱਡਣਾਂ ਪੈਂਦਾ ਚਰਖੀਆਂ ਤੇ,
ਚਰਖੇ ਕੱਤ ਕੇ ਕਦੇ ਗੁਲਾਮੀ ਟੁੱਟਦੀ ਨਈ॥