ਮੇਰੀ ਕਲਮ ਵਿੱਚੋਂ ਸ਼ਾਹੀਆਂ ਸੁੱਕ ਗਈਆਂ
ਮੂੰਹੋ ਬੋਲਿਆ ਇੱਕ ਨਾ ਬੋਲ ਜਾਵੇ
ਤੇਰੀ ਮੌਤ ਨੇ ਜਿਹਾ ਸਵਾਲ ਪਾਇਆ
ਜਿਹਦਾ ਹੰਝੂਆਂ ਵਿੱਚ ਜਵਾਬ ਆਵੇ।
ਰੁੱਤਾਂ ਔਂਦੀਆਂ ਤੇ ਰੁੱਤਾਂ ਜਾਂਦੀਆਂ ਨੇ
ਹੁੰਦੇ ਦਿਹੁੰ ਮੁੜ ਕੇ ਰਾਤ ਫੇਰ ਹੁੰਦੀ
ਕਦੇ ਓਹੋ ਜਹੀ ਰਾਤ ਵੀ ਆਣ ਪੈਂਦੀ
ਜਿਨ੍ਹਾਂ ਰਾਤਾਂ ਦੀ ਨਹੀਂ ਸਵੇਰ ਹੁੰਦੀ ।
ਹੂਰਾਂ ਪਰੀ ਇਹ ਸਮੇਂ ਦੀ ਠਹਿਰਦੀ ਨਾ
ਨਾਗਣ ਮੇਢੀਆਂ ਇਹਦੀਆਂ ਕੌਣ ਗੁੰਦੇ
ਕਦੇ ਰੋਇਆਂ ਨਸੀਬ ਜੇ ਵੱਟ ਜਾਂਦੇ
ਲੱਖਾਂ ਮੂੰਹ, ਤੇ ਦੂਣੇ ਦਰਿਆ ਹੁੰਦੇ
ਮੇਲੇ ਉੱਖੜੇ ਤੇ ਛਿੰਝਾਂ ਠਹਿਰ ਗਈਆਂ
ਸੁੱਕੇ ਸਉਣ ਤੇ ਹੋਈਆਂ ਵੀਰਾਨ ਤੀਆਂ
ਮਹਿਫ਼ਲ ਉਜੜੀ ਕਲਮ ਦੇ ਆਸ਼ਕਾਂ ਦੀ
ਸੁਖ਼ਨ-ਵਰ ਨਾ ਹੁੰਦੇ ਨੇ ਰੋਜ਼ ਮੀਆਂ
ਕਲਮ ਇੰਜ ਨਾ ਕਿਸੇ ਦਾ ਕਿਹਾ ਮੰਨੇ
ਇਸ਼ਕ ਰੋਜ਼ ਨਹੀਂਉਂ ਮਿਹਰਬਾਨ ਹੁੰਦਾ
ਤੇਰੇ ਜਹੇ ਕੋਈ ਰਿੰਦ ਨਾ ਰੋਜ਼ ਆਉਂਦੇ
ਸਾਕੀ ਜਿੰਨ੍ਹਾਂ ਤੋਂ ਆਪ ਕੁਰਬਾਨ ਹੁੰਦਾ
ਤੇਰੇ ਪੈਰਾਂ ਨੇ ਮੰਜ਼ਲਾਂ ਮਾਰੀਆਂ ਨੇ
ਏਸ ਇਸ਼ਕ ਦੇ ਲੰਬੜੇ ਰਾਹ ਮੀਆਂ !
ਸੱਚਾ ਸੁਖ਼ਨ ਤੇਰਾ, ਤੇਰੇ ਹੱਥ ਫੜਿਆ
ਸੱਚੀ ਕਲਾ ਦੀ ਇਕ ਦਰਗਾਹ ਮੀਆਂ !
ਲੱਖਾਂ 'ਰਾਧਕਾਂ' ਤੈਨੂੰ ਸੰਦੇਸ਼ ਦਿੱਤਾ
ਲੱਖਾਂ 'ਦਿਲ' ਦੀ ਗੱਲ ਨੂੰ ਕਹਿਣਗੇ ਵੇ !
ਤੇਰੇ ਨਾਉਂ ਦੀ ਛਿੜੇਗੀ ਵਾਰ ਓਥੇ
ਜਿੱਥੇ ਚਾਰ ਬੰਦੇ ਰਲ ਬਹਿਣਗੇ ਵੇ !
ਮੇਰੀ ਕਲਮ ਵਿੱਚੋ ਸ਼ਾਹੀਆਂ ਸੁੱਕ ਗਈਆਂ...