ਚੌਂਕਾਂ ਵਿਚ ਰਾਹੀਆਂ ਨੂੰ ਬੁੱਤ ਪੁੱਛਣ ਸ਼ਹੀਦਾਂ ਦੇ
ਕਿੱਥੇ ਕੁ ਖਿੜੇ ਲੋਕੋ, ਫੁੱਲ ਸਾਡੀਆਂ ਰੀਝਾਂ ਦੇ
ਕੁਝ ਦੱਸੋ ਵੀਰੋ ਵੇ ਕਿੱਥੇ ਉਹ ਰੁੱਤ ਫਿਰੀ
ਕਿੱਥੇ ਉਹ ਬੂਰ ਪਿਆ ਕਿੱਥੇ ਉਹ ਆਸ ਖਿੜੀ
ਉਹ ਦੇਸ਼ ਸੁਪਨਿਆਂ ਦਾ ਉਹ ਸਾਡੀ ਸੋਨ-ਚਿੜੀ
ਜੀਹਦੀ ਖ਼ਾਤਰ ਹੁਬ ਹੁਬ ਕੇ ਸੂਲੀ 'ਤੇ ਜਿੰਦ ਚੜ੍ਹੀ
ਕਿੱਥੇ ਕੁ ਨੇ ਮੌਲ ਰਹੇ ਘਰ-ਬਾਰ ਗਰੀਬਾਂ ਦੇ.....
ਕੁਝ ਦੱਸੋ ਭੈਣੋਂ ਨੀ ਕੀ ਹਾਲ ਬਣਾਏ ਨੇ
ਕਿਉਂ ਨੈਣਾਂ ਵਿਚ ਨਮੀਆਂ ਕਿਉਂ ਮੁੱਖ ਕੁਮਲਾਏ ਨੇ
ਇਹ ਕੈਸੇ ਜ਼ਖ਼ਮ ਤੁਸੀਂ ਸੀਨੇ 'ਚ ਲੁਕਾਏ ਨੇ
ਉਹ ਸੁਪਨੇ ਸੱਤਰੰਗੇ ਤੁਸੀਂ ਕਿੱਥੇ ਗਵਾਏ ਨੇ
ਕਿੰਜ ਢੇਰੀ ਹੋ ਗਏ ਨੀ ਉਹ ਮਹਿਲ ਉਮੀਦਾਂ ਦੇ.....
ਉੱਠੋ ਹਮਸ਼ੀਰੋ ਵੇ ਧਰਤੀ ਦੇ ਜਾਇਓ ਵੇ
ਇਹਨਾਂ ਬੁਝਦੇ ਦੀਵਿਆਂ ਵਿਚ ਰੱਤ ਅਪਣੀ ਪਾਇਓ ਵੇ
ਇਤਿਹਾਸ ਵਾਚਿਓ ਵੇ ਪੰਨੇ ਪਲਟਾਇਓ ਵੇ
ਤੁਸੀਂ ਅਪਣੇ ਵਿਰਸੇ ਨੂੰ ਕਿਤੇ ਭੁੱਲ ਨਾ ਜਾਇਓ ਵੇ
ਫਿਰ ਉੱਠੇ ਧਰਤੀ ਤੋਂ ਬੇਕਸ ਦਾ ਯਾਰ ਕੋਈ
ਲਿਸ਼ਕੇ ਸ਼ਮਸ਼ੀਰ ਕੋਈ ਗੜ੍ਹਕੇ ਲਲਕਾਰ ਕੋਈ
ਫਿਰ ਝੁੰਡ ਮਸ਼ਾਲਾਂ ਦਾ ਹੋ ਜਾਵੇ ਤਿਆਰ ਕੋਈ
ਤੇ ਰੌਂਦ ਕੇ ਲੰਘ ਜਾਵੇ ਇਹ ਨ੍ਹੇਰ ਗੁਬਾਰ ਕੋਈ
ਉੱਠੋ ਕਿ ਜੀਵਨ ਚੋਂ ਕਦੇ ਆਸ ਨਹੀਂ ਮਰਦੀ
ਪਾਣੀ ਤਾਂ ਸੁੱਕ ਜਾਂਦੇ ਪਰ ਪਿਆਸ ਨਹੀਂ ਮਰਦੀ
ਚੀਰੇ ਹੋਏ ਚੰਨਣ ਚੋਂ ਵੀ ਬਾਸ ਨਹੀਂ ਮਰਦੀ
ਅਰਦਾਸ ਦੇ ਬੋਲਾਂ ਚੋਂ ਧਰਵਾਸ ਨਹੀਂ ਮਰਦੀ
ਬੜੇ ਗੂੜ੍ਹੇ ਰਿਸ਼ਤੇ ਨੇ ਉਮਰਾਂ ਤੇ ਉਮੀਦਾਂ ਦੇ.....
ਚੌਂਕਾਂ ਵਿਚ ਰਾਹੀਆਂ ਨੂੰ ਬੁੱਤ ਪੁੱਛਣ ਸ਼ਹੀਦਾਂ ਦੇ
ਕਿੱਥੇ ਕੁ ਖਿੜੇ ਲੋਕੋ ਫੁੱਲ ਸਾਡੀਆਂ ਰੀਝਾਂ ਦੇ....