ਤੇਰੇ ਬਾਗ਼ 'ਚ ਨਾਲ ਸਹੇਲੀਆਂ, ਮੈਂ ਖੇਡਣ ਜਾਵਾਂ, 

ਮੇਰੀ ਕਮਲੀ ਜਿੰਦ ਰਕਾਨ ਵੇ, ਪਈ ਲੱਭਦੀ ਛਾਵਾਂ।

ਮੈਨੂੰ ਹਰੇ-ਕਚੂਰ ਹੋ ਵੇਖਿਆ 

ਮੇਰੀ ਉਮਰ ਦੇ ਰੁੱਖਾਂ, 

ਮੇਰੇ ਲੰਮੇ ਕੇਸ ਸੁਹਾਣ ਵੇ 

ਵਿਚ ਖੁੱਲ੍ਹੀਆਂ ਧੁੱਪਾਂ,

ਮੈਨੂੰ ਲੰਮੀਆਂ 'ਵਾਜਾਂ ਮਾਰੀਆਂ, ਚੜ੍ਹ ਸ਼ਹੁ ਦਰਿਆਵਾਂ, 

ਤੇਰੇ ਬਾਗ਼ 'ਚ ਨਾਲ ਸਹੇਲੀਆਂ, ਮੈਂ ਖੇਡਣ ਜਾਵਾਂ।

ਮੇਰੇ ਬਾਂਕੇ ਨੈਣ ਸੰਞਾਣ ਲਏ 

ਇਹਨਾਂ ਸੁੰਨੀਆਂ ਰੋਹੀਆਂ,

ਮੇਰੇ ਨਾਲ ਉਡਣ ਲਈ ਦੂਰ ਤੋਂ 

ਦੋ ਕੂੰਜਾਂ ਹੋਈਆਂ,

ਮੈਨੂੰ ਮੁੜ ਮੁੜ ਖੇਡ ਖਿਡਾਣ ਵੇ, ਉੱਠ ਜੁੱਤੀਆਂ ਰਾਹਵਾਂ, 

ਤੇਰੇ ਬਾਗ਼ 'ਚ ਨਾਲ ਸਹੇਲੀਆਂ, ਮੈਂ ਖੇਡਣ ਜਾਵਾਂ।

ਮੇਰੇ ਮੱਥੇ 'ਤੇ ਲੱਗੀਆਂ 

ਕਿਤੋਂ ਠੰਡੀਆਂ ਭੂਰਾਂ, 

ਮੇਰੇ ਸਭ ਰਾਹਾਂ ਨੂੰ ਘੇਰਿਆ

ਰੁੱਖ ਹਰੇ ਕਚੂਰਾਂ,

ਮੈਨੂੰ ਮਿਲੀਆਂ ਕੇ ਦੂਰ ਤੋਂ, ਅੰਞਾਣ ਹਵਾਵਾਂ,

ਤੇਰੇ ਬਾਗ਼ 'ਚ ਨਾਲ ਸਹੇਲੀਆਂ, ਮੈਂ ਖੇਡਣ ਜਾਵਾਂ।

ਮੈਂ 'ਕੱਲੀ ਜਿੰਦੜੀ ਸਮੇਂ ਤੋਂ 

ਬਸ ਆਪ ਸੁਹਾਵਾਂ, 

ਮੇਰਾ ਚੜ੍ਹਿਆ ਜੋਬਨੁ ਥੰਮ੍ਹਿਆ 

ਹਿੱਕ ਡਾਹ ਦਰਿਆਵਾਂ,

ਮੈਂ ਟੁਕੜੇ ਹੋਏ ਚੰਨ ਦੀ, ਬਹਿ ਖ਼ੈਰ ਮਨਾਵਾਂ, 

ਤੇਰੇ ਬਾਗ਼ 'ਚ ਨਾਲ ਸਹੇਲੀਆਂ, ਮੈਂ ਖੇਡਣ ਜਾਵਾਂ।

ਸ਼ਾਹ ਪਲਕਾਂ ਤੱਕ ਕੇ ਉਤਰੀਆਂ

ਮਨ ਭਰ ਭਰ ਕੂੰਜਾਂ, 

ਉਹ ਦੂਰ-ਦੁਰਾਡੇ ਸਰਾਂ ਵਿਚ 

ਕਿਤੋਂ ਡਿੱਗੀਆਂ ਬੂੰਦਾਂ,

ਮੈਨੂੰ ਵੇਖਣ ਪਏ ਫ਼ਕੀਰ ਵੇ, ਵਿਚ ਉਮਰ ਦੇ ਚਾਵਾਂ, 

ਤੇਰੇ ਬਾਗ਼ 'ਚ ਨਾਲ ਸਹੇਲੀਆਂ, ਮੈਂ ਖੇਡਣ ਜਾਵਾਂ।

ਮੈਨੂੰ ਸੌਣ ਦਿੰਦੀਆਂ ਪੱਤਣਾਂ 

ਦੀਆਂ ਹਰੀਆਂ ਬਾਹਵਾਂ, 

ਮੈਂ ਸਾਵਨ ਵਾਂਗੂੰ ਹੱਲ ਕੇ 

ਪਈ ਆਪ ਜਗਾਵਾਂ,

ਮਨ ਰੁੱਸਿਆ ਦੀਵੇ ਬਾਲ ਕੇ, ਮੈਂ ਖੜੀ ਮਨਾਵਾਂ, 

ਤੇਰੇ ਬਾਗ਼ 'ਚ ਨਾਲ ਸਹੇਲੀਆਂ, ਮੈਂ ਖੇਡਣ ਜਾਵਾਂ।

ਮੇਰੇ ਪੈਰਾਂ ਦੇ ਵਿਚ ਵੱਗਦੇ 

ਕਿਸੇ ਹਸ਼ਰ ਦੇ ਪਾਣੀ, 

ਮੇਰਾ ਦਾਮਨ ਛੂਹ ਕੇ ਉੱਡਦੀ 

ਕੋਈ ਸੰਞ ਸੁਹਾਣੀ,

ਮੇਰੇ ਹੱਥੀਂ ਬਹਿ ਕੇ ਕੀਤੀਆਂ, ਕਿਸੇ ਈਦ ਦੁਆਵਾਂ, 

ਤੇਰੇ ਬਾਗ਼ 'ਚ ਨਾਲ ਸਹੇਲੀਆਂ, ਮੈਂ ਖੇਡਣ ਜਾਵਾਂ। 

ਮੇਰੀ ਕਮਲੀ ਜਿੰਦ ਰਕਾਨ ਵੇ, ਪਈ ਲੱਭਦੀ ਛਾਵਾਂ, 

ਤੇਰੇ ਬਾਗ਼ 'ਚ ਨਾਲ ਸਹੇਲੀਆਂ... 

📝 ਸੋਧ ਲਈ ਭੇਜੋ