ਨੰਦੂ ਛੜੇ ਦੀ ਗੱਲ ਚੇਤੇ ਹੈ
ਜਿਸ ਨੂੰ ਪਿੰਡ ਨੇ
ਰੋਜ਼ ਤਕਾਲੀਂ
ਇਕ ਦੋ ਚੀਕਾਂ ਮਾਰਨ ਦੀ ਖੁੱਲ੍ਹ ਦੇ ਦਿੱਤੀ ਸੀ
ਭਰੀ ਪਰ੍ਹੇ ਵਿਚ ਗਲ ਪੱਲਾ ਪਾ
ਜਦ ਸੀ ਉਸ ਨੇ ਅਰਜ਼ ਗੁਜ਼ਾਰੀ
“ਮੇਰੀ ਕੋਈ ਲਾਗ ਡਾਟ ਨਾ
ਮੇਰੀ ਆਪਣੀ ਧੀ ਭੈਣ ਪਿੰਡ ਦੀ ਹਰ ਨਾਰੀ
ਦਾਰੂ ਪੀ ਕੇ ਚਿੱਤ ਘਾਬਰਦਾ
ਘਾਊਂ ਮਾਊਂ ਹੁੰਦਾ
ਡੱਕ ਨਾ ਹੁੰਦੀ ਆਈ ਚੀਕ ਹੈ ਜਾਂਦੀ ਮਾਰੀ।”
ਮੈਨੂੰ ਬੇਸ਼ਕ
ਦਾਰੂ ਕਦੀ ਕਦਾਈਂ ਲੱਭਦਾ
ਪਰ ਮੈਂ ਏਸ ਬੇਕਿਰਕ ਸ਼ਹਿਰ ਵਿਚ
ਕਿੰਨੇ ਚਿਰ ਤੋਂ ਆਪਣੇ ਅੰਦਰ
ਇਕ ਚੀਕ ਤੇ ਨਾਲ ਬੁਲਬੁਲੀ ਡੱਕੀ ਫਿਰਦਾਂ
ਚੁੱਪ ਚੁਪੀਤਾ
ਇਕ ਖਲਬਲੀ ਚੱਕੀ ਫਿਰਦਾਂ।
ਕਿੰਨੀ ਵਾਰੀ
ਚੋਣ-ਮੁਹਿੰਮ ਦੇ ਜਲਸੇ ਵਿਚ ਤਕਰੀਰ ਸੁਣਦਿਆਂ
ਜਨ ਗਨ ਮਨ ਦੀ ਜੈ ਹੇ ਜੈ ਹੇ
ਸੋਗ ਸਭਾ ਦੀ ਚੁੱਪ ਦੇ ਮੌਕੇ
ਚਿੱਤ ਘਾਬਰਿਆ
ਚੀਕ-ਬੁਲਬੁਲੀ ਮਸਾਂ ਮਸਾਂ ਰੋਕੀ ਹੈ।
ਹਫ਼ਤੇਵਾਰ
ਦਫ਼ਤਰੀ ਮੀਟਿੰਗ ਦੇ ਵਿਚ ਵਿੰਗ-ਵਲੇਵੇਂ ਖਾਂਦੀ
ਜਦੋਂ ਦਲੀਲ ਮੇਜ਼ ਤੇ ਰੀਂਘਣ ਲੱਗੀ
ਕੱਸ ਕੇ ਰਤਾ ਹੋਰ ਨਟਕਾਈ
ਮੈਂ ਇਸ ਚੀਕ ਦੇ ਨਾਲ ਬੁਲਬੁਲੀ
ਪਹੁੰਚੀ ਸੰਘ ਦੇ ਕੋਲ ਦਬਾਈ।
ਚੜ੍ਹੇ ਮਹੀਨੇ
ਤਲਬ ਦਿਹਾੜੇ
ਬਿੱਲਾਂ ਦਾ ਭੁਗਤਾਣ ਕਰਦਿਆਂ
ਨਿੱਕੀਆਂ ਨਿੱਕੀਆਂ
ਸੌ ਸੱਧਰਾਂ ਦਾ ਘਾਣ ਕਰਦਿਆਂ
ਘੁੱਟ ਸਬਰ ਦੇ ਨਾਲ
ਆਪਣੀ ਹੀ ਰੱਤ ਪੀਤੀ
ਬੱਚੇ ਨੂੰ ਬੂਟਾਂ ਦਾ ਲਾਰਾ
ਹੋਰ ਮਹੀਨਾ ਟਾਲਣ ਵੇਲੇ
ਹਰ ਵਾਰੀ ਮੈਂ
ਦੱਬੀ ਚੀਕ ਮੁਲਤਵੀ ਕੀਤੀ।
ਠੇਕੇ ਦੀ ਕੈਬਨ ਵਿਚ
ਠੱਠੇ ਸ਼ੁਗਲੀ ਨਿੰਦਿਆ ਚੁਗਲੀ ਵੇਲੇ
ਤੰਗੀ ਤੁਰਸ਼ੀ ਦਾ ਅਹਿਸਾਸ ਜਾਗਦਾ
ਖਾਰਾ ਬੱਤਾ ਖੋਲ੍ਹਣ ਲਗਿਆਂ
ਲਗਦਾ ਆਪਣਾ ਆਪ ਪਾਟਦਾ।
ਥਾਉਂ ਕੁਥਾਈਂ
ਚੀਕ-ਬੁਲਬੁਲੀ
ਪਾਨ 'ਚ ਜ਼ਰਦੇ ਨਾਲ ਚਬਾਈ
ਨੀਂਦ ਗੋਲੀ ਨਾਲ ਸੁਆਈ
ਗਦਰਾਏ ਬਦਨਾਂ ਦੀ ਮਹਿਕ ਨਾਲ ਵਰਚਾਈ।
ਪਰ ਹੁਣ
ਹੋਰ ਨਾ ਡੱਕੀ ਰਹਿੰਦੀ
ਹਰ ਦਮ ਜ਼ਬਤ ਨਾਲ ਹੈ ਖਹਿੰਦੀ
ਦਿਨ ਭਰ ਹੋਸ਼ ਭਟਕਦੀ
ਅੰਦਰੋਂ ਪੱਸਲੀਆਂ ਭੰਨਦੀ ਹੈ
ਰਾਤੀਂ ਅੱਖੀਂ ਨੀਂਦ ਨਾ ਪੈਂਦੀ।
ਹੁਣ ਜੀਅ ਕਰਦਾ
ਕਲ੍ਹ ਕਚਹਿਰੀ ਲਾਗੇ
ਗਾਂਧੀ ਚੌਂਕ 'ਚ ਖੜ ਕੇ
ਸਾਰਾ ਗੁਭ ਘਲਾਟ ਕਢ ਲਵਾਂ
ਏਨੇ ਚਿਰ ਦੀ ਡਕੀ ਹੋਈ
ਖੁੱਲ੍ਹ ਕੇ ਚੀਕ-ਬੁਲਬੁਲੀ ਮਾਰਾਂ
ਮੁਸਕੌਂਦੇ ਗਾਂਧੀ ਦੇ ਬੁੱਤ ਤੋਂ
ਡਾਂਡੀ-ਸਫ਼ਰ ਦੀ ਸੋਟੀ ਖੋਹ ਕੇ
ਆਪਣਾ ਹੀ ਸਿਰ ਪਾੜਾਂ
ਲਹੂ ਪਲੱਥਾ
ਬੁੱਤ ਦੇ ਪੈਰੀਂ ਡਿੱਗਾਂ
ਸਾਹ ਛੱਡਣ ਤੋਂ ਪਹਿਲਾਂ
ਇਕ ਦੋ ਵਾਰੀ ਰਾਮ ਪੁਕਾਰਾਂ।