ਚੀਸ ਜੇ ਦੀਵਾਰ ਬਣ ਵਿਚਕਾਰ ਖੜ ਜਾਵੇ ਤਾਂ ਫੇਰ!
ਸੌ ਜਤਨ ਕਰੀਏ ਤੇ ਪਲ ਵੀ ਨੀਂਦ ਨਾ ਆਵੇ ਤਾਂ ਫੇਰ?
ਕਲਪਨਾ ਸਾਕਾਰ ਹੋ ਸਕਦੀ ਹੈ ਕੈਨਵਸ ‘ਤੇ ਕਿਵੇਂ,
ਬੁਰਸ਼ ਚਿੱਤਰਕਾਰ ਦਾ ਰੰਗਾਂ ਤੋਂ ਸ਼ਰਮਾਵੇ ਤਾਂ ਫੇਰ?
ਕੀ ਸਵਾਂਤੀ ਬੂੰਦ ਉਸਨੂੰ ਵੀ ਮਿਲੇਗੀ ਮਾਲਕੋ,
ਜੇ ਕੋਈ ਫੱਕਰ ਪਪੀਹਾ ਰਾਗ ਨਾ ਗਾਵੇ ਤਾਂ ਫੇਰ?
ਇਸ ਤਰ੍ਹਾਂ ਦੇ ਸ਼ਖ਼ਸ ਲਈ ਮੁਨਸਿਫ਼ ਹੈ ਵਾਜ਼ਿਬ ਕੀ ਸਜ਼ਾ,
ਉਮਰ ਭਰ ਨਾ ਜੇ ਕੋਈ ਕੀਤੇ ਤੇ ਪਛਤਾਵੇ ਤਾਂ ਫੇਰ?
ਹੋਣਗੇ ਆਦੇਸ਼; ਸੁਹਣੇ ਤੇ ਸਦੀਵੀ ਸ਼ਿਅਰ ਵੀ,
ਆਪਣੇ ਲਫ਼ਜ਼ਾਂ ਤੇ ਪਹਿਲਾਂ ਸੱਚ ਦੇ ਲਾਵੇ ਤਾਂ ਫੇਰ!