ਔਂਦਾ ਤੇ ਲੰਘ ਜਾਂਦਾ
ਤੇਰੇ ਕੌਲਾਂ ਦਾ ਮਹੀਨਾ
ਮੀਲਾਂ ਦੇ ਮੀਲ ਲੰਬੇ
ਰੇਤਾਂ ਦੇ ਨਾਲ ਅੱਟੇ,
ਜਿਉਂ ਡਾਚੀਆਂ ਨੂੰ ਬੱਧੀ
ਟੱਲੀ ਦਾ ਵਾਜ ਆਉਂਦਾ
ਤੇਰੇ ਕੌਲਾਂ ਦਾ ਮਹੀਨਾ
ਕੋਹਾਂ ਦੇ ਕੋਹ ਕਾਲੇ
ਵੀਰਾਨੀਆਂ ਦੇ ਬੂਹੇ,
ਝੋਕਾ ਬਹਾਰ ਦਾ ਜਿਉਂ
ਕਿਤੋਂ ਉੱਡ ਆਉਂਦਾ
ਤੇਰੇ ਕੌਲਾਂ ਦਾ ਮਹੀਨਾ
ਉਂਜੇ ਹੀ ਹੱਥ ਤੇਰਾ
ਹੱਥਾਂ ਦੇ ਕੋਲ ਝੁਕਦਾ,
ਲੱਖਾਂ ਹਨੇਰਿਆਂ 'ਚ
ਟੋਹਣੀਆਂ ਫੜਾਂਦਾ
ਤੇਰੇ ਕੌਲਾਂ ਦਾ ਮਹੀਨਾ
ਦਿਲ ਦਾ ਚਿਰਾਗ਼ ਲੈ ਕੇ
ਮੂੰਹ ਤੇਰਾ ਮੈਂ ਢੂੰਡਾਂ,
ਬੁਝੇ ਹੋਏ ਸੂਰਜਾਂ ਨੂੰ
ਫੇਰ ਬਾਲ ਜਾਂਦਾ
ਤੇਰੇ ਕੌਲਾਂ ਦਾ ਮਹੀਨਾ
ਸੱਭੇ ਤਲਿਸਮ ਖੁਲ੍ਹਦੇ
ਪਰੀਆਂ ਦੇ ਦੇਸ ਪੈਂਦੇ,
ਸਦੀਆਂ ਤੋਂ ਸੁੱਤੀਆਂ
ਸ਼ਾਹਜ਼ਾਦੀਆਂ ਜਗਾਂਦਾ
ਤੇਰੇ ਕੌਲਾਂ ਦਾ ਮਹੀਨਾ
ਦਿਸਦੀ ਸਥੂਲ ਦੁਨੀਆਂ
ਹੋਸ਼ਾਂ ਨੂੰ ਝੂਣ ਦੇਂਦੀ,
ਤੇਰਿਆਂ ਹੀ ਕੌਲਾਂ ਦਾ
ਹਰਫ ਮੇਟ ਜਾਂਦਾ
ਤੇਰੇ ਕੌਲਾਂ ਦਾ ਮਹੀਨਾ
ਲੱਖਾਂ ਸਵਾਲ ਪੁੱਛਾਂ
ਦੇਂਦਾ ਨਾ ਕੋਈ ਹੁੰਗਾਰਾ,
ਹੋਠਾਂ ਦੀ ਚੀਸ ਪੀ ਕੇ
ਅੱਖੀਆਂ ਝੁਕਾਂਦਾ
ਤੇਰੇ ਕੌਲਾਂ ਦਾ ਮਹੀਨਾ
ਔਂਦਾ ਤੇ ਲੰਘ ਜਾਂਦਾ
ਤੇਰੇ ਕੌਲਾਂ ਦਾ ਮਹੀਨਾ