ਚੇਤਰ ਰੰਗ ਨਰੋਏ ... ਵੇ ਲੋਕਾ!
ਚੇਤਰ ਰੰਗ ਨਰੋਏ
ਭੋਇੰ 'ਤੇ ਨਵੀਂ ਹਯਾਤੀ ਖਿੜ ਪਈ
ਅਸੀਂ ਮੋਏ ਦੇ ਮੋਏ
ਚੇਤਰ ਰੰਗ ਨਰੋਏ ... ਵੇ ਲੋਕਾ!
ਚੇਤਰ ਰੰਗ ਨਰੋਏ
ਫੁੱਲਾਂ ਤੋਂ ਨਾ ਅੱਖ ਚੁੱਕੀਵੇ
ਚੇਤ ਮਿਲਾਪੀ ਰੁੱਤੇ
ਬਾਹਰ ਸੁਲੱਖਣਾ ਦਿਨ ਚੜ੍ਹ ਆਇਆ
ਅਸੀਂ ਆਂ ਸੁੱਤਮ ਸੁੱਤੇ
ਪੁੱਠੇ ਵੇਖ ਵਤੀਰੇ ਸਾਡੇ
ਹਾਸੇ ਪਿੱਟ ਖਲੋਏ
ਚੇਤਰ ਰੰਗ ਨਰੋਏ... ਵੇ ਲੋਕਾ !
ਚੇਤਰ ਰੰਗ ਨਰੋਏ
ਲੱਗੇ ਬੂਰ ਤੇ ਫੁੱਟੀਆਂ ਲਗਰਾਂ
ਰੁੱਖਾਂ ਰੰਗ ਵਟਾਏ
ਅਸੀਂ ਨਾ ਆਪਣੇ ਜੁੱਸਿਆਂ ਉੱਤੋਂ
ਹੰਢੇ ਵਰਤੇ ਲਾਹੇ
ਖੂਹ ’ਤੇ ਖੜ੍ਹ ਕੇ ਵੀ ਨਾ ਭਰਿਆ
ਭਾਂਡਾ ਲੋਏ ਲੋਏ
ਚੇਤਰ ਰੰਗ ਨਰੋਏ ... ਵੇ ਲੋਕਾ
ਚੇਤਰ ਰੰਗ ਨਰੋਏ
ਜੋ ਨਾ ਚੇਤਰ ਰੁੱਤੇ ਖਿੜਿਆ
ਉਸ ਕੀ ਸਾਉਣ ਹੰਢਾਉਣਾ
ਜਿਸ ਨਾ ਰੰਗ ਪਛਾਣੇ ਉਸ ਦਾ
ਕੀ ਲਾਹੁਣਾ, ਕੀ ਪਾਉਣਾ
ਸੂਹਾ, ਨੀਲ, ਬਸੰਤੀ, ਸਾਵਾ
ਮਾਣੇ ਕੋਏ ਕੋਏ
ਚੇਤਰ ਰੰਗ ਨਰੋਏ ... ਵੇ ਲੋਕਾ!
ਚੇਤਰ ਰੰਗ ਨਰੋਏ
ਕੱਦ ਸਿੱਪੀਆਂ ਦੇ ਮੂੰਹੀਂ ਡਿੱਗਣਾ
ਇਹ ਨਾ ਪੁੱਛੀਂ ਅੜਿਆ
ਉਸ ਦਿਨ ਤੈਨੂੰ ਚਾਨਣ ਹੋਣੈਂ
ਜਿਸ ਦਿਨ ਚਾਨਣ ਲੜਿਆ
ਜੋ ਵੀ ਆਪਣੀ ਹੋਂਦ ਸਿਹਾਣੇਂ
ਰੰਗ ਹੰਢਾਵੇ ਸੋਏ
ਚੇਤਰ ਰੰਗ ਨਰੋਏ ... ਵੇ ਲੋਕਾ!
ਚੇਤਰ ਰੰਗ ਨਰੋਏ