ਚੇਤੇ ਆਉਂਦੇ ਆਏ ਦਿਨ
ਤੇਰੇ ਨਾਲ ਬਿਤਾਏ ਦਿਨ।
ਓਹੀ ਸੁਕਾਰਥ ਹੋਏ ਜੋ
ਤੇਰੇ ਲੇਖੇ ਲਾਏ ਦਿਨ।
ਤੂੰ ਤਾਂ ਨਾਲ ਈ ਲੈ ਗਈਉਂ
ਮੁੜਕੇ ਉਹ ਨਾ ਆਏ ਦਿਨ।
ਦਿਨ ਭਰ ਤੜਫ਼ਾਂ ਰਾਤ ਲਈ,
ਰਾਤ ਨੂੰ ਆਖਾਂ ‘ਹਾਏ ਦਿਨ।
ਕਿਸਮਤ ਨੂੰ ਨਾ ਭਾਏ ਉਹ
ਜੋ ਆਪਾਂ ਨੂੰ ਭਾਏ ਦਿਨ।
ਦਿਲ ਦੀ ਤਪਸ਼ ਵਧਾਵਣਗੇ
ਆਏ ਬੱਦਲ ਵਾਏ ਦਿਨ।
ਮਾਣੀ ਮੌਜ਼ ਮਲੰਗਾਂ ਨੇ
ਬੁੱਲਿਆਂ ਨਾਲ ਉਡਾਏ ਦਿਨ।
ਰਾਤ ਦਿਹਾੜੀਦਾਰਾਂ ਨੂੰ
ਸੁਫ਼ਨੇ ਵਿਚ ਡਰਾਏ ਦਿਨ।
ਸੂਰਜ ਛੰਨਾ ਚਾਨਣ ਦਾ
ਧਰਤੀ 'ਤੇ ਛਲਕਾਏ ਦਿਨ।