ਛੱਡ ਈਰਖਾ ਤੇ ਸਾੜਾ ਕਰ ਪਿਆਰਾਂ ਦੀ ਗੱਲ।
ਦੋ ਦਿਲਾਂ ਦਾ ਮਿਲਾਪ ਤੇ ਬਹਾਰਾਂ ਦੀ ਗੱਲ।
ਹਰ ਸਾਹ ਦੇ ਨਾਲ ਤੈਨੂੰ ਜਿਹੜੇ ਵੱਧ ਯਾਦ ਆਉਂਦੇ,
ਖੋਲ੍ਹ ਘੁੰਢੀ ਤੂੰ ਸੁਣਾਦੇ ਉਹਨਾਂ ਯਾਰਾਂ ਦੀ ਗੱਲ।
ਬਸ ਤਿਆਗ ਹੀ ਤਿਆਗ ਵਿੱਚ ਹੁੰਦਾ ਦੋਸਤੀ ਦੇ,
ਕਦੇ ਭੁੱਲ ਕੇ ਨਾ ਆਵੇ ਵਪਾਰਾਂ ਦੀ ਗੱਲ।
ਕੰਨ ਪੱਕ ਗਏ ਨੇ ਗੋਲੀਆਂ ਦਾ ਸ਼ੋਰ ਸੁਣ ਕੇ,
ਕਰੋ ਵੰਗਾਂ ਤੇ ਪੰਜੇਬਾਂ ਦੀ ਛਣਕਾਰਾਂ ਦੀ ਗੱਲ।
ਭਾਰ ਦਿਲ ਉੱਤੇ ਚਿਹਰੇ ਮੁਸਕਾਨ ਰੱਖਦੇ,
ਕਰ ਜਿੰਦਾ-ਦਿਲ ਐਸੇ ਫ਼ਨਕਾਰਾਂ ਦੀ ਗੱਲ।
'ਓਠੀ' ਸੁਣਨੀ ਮੈਂ ਤੈਥੋਂ ਤੇਰੀ ਗੱਲ ਮਿੱਤਰਾ,
ਨਾ ਸੁਣਾ ਮੈਨੂੰ ਲੋਕਾਂ ਤੇ ਬਾਜ਼ਾਰਾਂ ਦੀ ਗੱਲ।