ਛੱਲੇ ਅਤੇ ਜ਼ੰਜੀਰਾਂ ਸਾਂਭ ਕੇ ਰੱਖਾਂਗਾ

ਛੱਲੇ ਅਤੇ ਜ਼ੰਜੀਰਾਂ ਸਾਂਭ ਕੇ ਰੱਖਾਂਗਾ

ਖ਼ਤਾਂ ਸਣੇ ਤਸਵੀਰਾਂ ਸਾਂਭ ਕੇ ਰੱਖਾਂਗਾ

ਸ਼ੁੱਕਾ ਫੁੱਲ ਤੇ ਜ਼ਾਤੀ ਡਾਇਰੀ, ਲਾਲ ਰੁਮਾਲ,

ਆਪਣੀਆਂ ਕੁੱਲ ਜਾਗੀਰਾਂ ਸਾਂਭ ਕੇ ਰੱਖਾਂਗਾ

ਜਦ ਤੀਕਰ ਨਾ ਮੇਰੇ ਲੇਖ ਲਿਖੇਂਗਾ ਤੂੰ,

ਤੇਰੀ ਸੌਂਹ ਤਕਦੀਰਾਂ ਸਾਂਭ ਕੇ ਰੱਖਾਂਗਾ

ਭਾਵੇਂ ਅਜ ਅਹਿਮੀਅਤ ਨਈਉਂ ਉਨ੍ਹਾਂ ਦੀ,

ਫਿਰ ਵੀ ਸਭ ਤਹਿਰੀਰਾਂ ਸਾਂਭ ਕੇ ਰੱਖਾਂਗਾ

ਤੇਰੇ ਨਾ ਦੀ ਖ਼ਵਰੇ ਕਿਹੜੀ ਲੀਕ ਹੋਵੇ,

ਹੱਥਾਂ ਵਿੱਚ ਲਕੀਰਾਂ ਸਾਂਭ ਕੇ ਰੱਖਾਂਗਾ

'ਸ਼ਾਦ' ਮੈਂ ਆਪਣਾ ਮਾਜ਼ੀ ਚੇਤੇ ਰੱਖਣ ਲਈ,

ਪਟੀਆਂ ਹੋਈਆਂ ਲੀਰਾਂ ਸਾਂਭ ਕੇ ਰੱਖਾਂਗਾ

📝 ਸੋਧ ਲਈ ਭੇਜੋ