ਛੁਪਾ ਕੇ ਹਿੱਕ ਵਿਚ ਸੁਫ਼ਨੇ

ਛੁਪਾ ਕੇ ਹਿੱਕ ਵਿਚ ਸੁਫ਼ਨੇ, ਸਦਾ ਮੁਸਕਾਉਦੀਆਂ ਰਹੀਆਂ

ਸਹੇੜੇ ਸਾਕ ਬਾਬਲ ਦੇ, ਧੀਆਂ ਅਪਣਾਉਂਦੀਆਂ ਰਹੀਆਂ

ਜਿਨ੍ਹਾਂ ਦੀ ਪੇਕਿਆਂ ਦੇ ਘਰ, ਕਰੀ ਹੱਤਕ ਭਰਾਵਾਂ ਨੇ, 

ਉਹ ਸਹੁਰੇ ਬੈਠੀਆਂ,ਵੀਰਾਂ ਦੇ ਗੁਣ ਹੀ ਗਾਉਂਦੀਆਂ ਰਹੀਆਂ

ਬਿਨਾਂ ਮਾਂ ਬਾਪ ਦੇ ਵਿਹੜਾ, ਸਦਾ ਸੁੰਨਾ ਜਿਹਾ ਲੱਗਾ, 

ਧੀਆਂ ਤਾਂ ਮੋਹ ਦੇ ਵਿਚ ਬੱਝੀਆਂ,ਹੀ ਫੇਰਾ ਪਾਉਂਦੀਆਂ ਰਹੀਆਂ । 

ਹਮੇਸ਼ਾਂ ਬਾਜ਼, ਗਿਰਝਾਂ ਦੀ, ਨਿਗਾਹ ਤੋਂ ਬਚ ਬਚਾ ਕੇ ਹੀ, 

ਇਹ ਚਿੜੀਆਂ ਖ਼ਾਬ ਦਾ ਅੰਬਰ, ਬਣਾ ਕੇ ਭਾਉਂਦੀਆਂ ਰਹੀਆਂ

ਕਦੇ ਖੁਲ ਕੇ ਨਹੀਂ ਦੱਸੇ, ਦਿਲਾਂ ਦੇ ਚਾਅ ਵੀ ਕੁੜੀਆਂ ਨੇ,

ਤੀਆਂ ਦੇ ਦਿਨ ਜਾਂ ਤਿਉਹਾਰਾਂ,ਤੇ ਮਨ ਪਰਚਾਉਦੀਆਂ ਰਹੀਆਂ

ਜਦੋਂ ਹੱਕਾਂ ਦੀ ਗੱਲ ਛਿੜਦੀ, ਤਾਂ ਬਾਬਲ ਵੀਰ ਵੱਲ ਖੜਦੈ,

ਧੀਆਂ ਬਾਬਲ ਦਿਆਂ ਹੁਕਮਾਂ,ਤੇ ਮਨ ਸਮਝਾਉਂਦੀਆਂ ਰਹੀਆਂ

'ਅਮਨ' ਸ਼ਗਨਾਂ ਦੇ ਦਿਨ ਵੇਲੇ, ਸਮਾਂ ਐਸਾ ਵੀ ਆਉਂਦਾ ਹੈ,

ਧੀਆਂ ਡੋਲੀ ਬਹਿ ਕੇ ਵੀ, ਜਦੋਂ ਕੁਰਲਾਉਂਦੀਆਂ ਰਹੀਆਂ

📝 ਸੋਧ ਲਈ ਭੇਜੋ