ਜਦ
ਛੋਹਾਂ ਬੋਲਾਂ ਦਾ ਰਿਸ਼ਤਾ
ਮੁੱਕ ਜਾਂਦਾ ਹੈ
ਸਾਹੋਂ ਟੁੱਟਾ ਪੈਕਰ
ਤਰਲੇ ਹਾੜੇ ਚੀਕ ਚਿਹਾੜੇ ਦੇ ਵਿਚ
ਭੇਤ ਭਰੀ
ਆਖ਼ਰ ਦੀ
ਚੁੱਪ ਸਾਧ ਕੇ
ਮਿੱਟੀ ਦੇ ਵਿਚ ਲੁਕ ਜਾਂਦਾ ਹੈ
ਥੌਹ ਨਹੀਂ ਲਗਦਾ
ਕਾਹਤੋਂ ਰੁਠਦਾ
ਇਕ ਦੋ ਡੰਗ ਦੀ
ਆਂਢ ਗੁਆਂਢੋ
ਹੰਝੂਆਂ ਭਿੱਜੀ ਰੋਟੀ ਪਿੱਛੋਂ
ਫਿਰ ਚੁਲ੍ਹੇ ਚੋਂ ਧੂੰਆਂ ਉੱਠਦਾ
ਤੇ ਦੋ ਚਾਰ ਦਿਹਾੜੇ
ਘਰ ਦੇ ਵਿਚ ਭੁਚੱਕਾ ਰਹਿੰਦਾ
ਰਾਤੀਂ ਵਿਹੜੇ ਪੈਛੜ ਪੈਂਦੀ
ਮੌਕਾ ਪਾਕੇ
ਇਕ ਪ੍ਰਛਾਵਾਂ
ਮੰਜੇ ਪੀੜੇ ਆ ਆ ਬਹਿੰਦਾ
ਆਪਣੇ ਵਸਤਰ ਲੱਭਦਾ
ਤੇ ਮੂੰਹ ਨੇਰ੍ਹੇ
ਡੇਹੜੀ ਵਿਚ ਘੰਗੂਰਾ ਸੁਣਦਾ।
ਹੌਲੀ
ਹੌਲੀ
ਸਭ ਸਬੰਧੀਆਂ ਦੇ ਹੋਠਾਂ ਤੇ
ਇਕ ਮੁਹਤਾਤ ਖਾਮੋਸ਼ੀ ਥਾਣੀ
ਫਿਰ ਮੁਸਕਾਣਾ ਪਰਤ ਆਉਂਦੀਆਂ
ਸੋਗ ਦਾ ਠੇਡਾ ਖਾ ਕੇ
ਚਾਲੋਂ ਉੱਖੜੀ
ਦੁਨੀਆਦਾਰੀ
ਢਿਚਕੂੰ ਢਿਚਕੂੰ
ਫਿਰ ਆਪਣਾ ਮਾਮੂਲ ਬਣਾ ਲੈਂਦੀ ਹੈ।
ਐਪਰ
ਗੁੱਝਾ ਜਿਹਾ ਵਿਗੋਚਾ
ਹੱਡਾਂ ਦੇ ਵਿਚ ਬਹਿ ਜਾਂਦਾ ਹੈ
ਚਿੱਬ ਜਿਹਾ ਇਕ
ਖ਼ਾਬਾਂ ਦੀ ਖਾਮੋਸ਼ੀ ਅੰਦਰ ਲਹਿ ਜਾਂਦਾ ਹੈ।