ਚਿਲਕਦੀ ਧੁੱਪ ਵਿਚ ਘਰ ’ਚੋਂ

ਚਿਲਕਦੀ ਧੁੱਪ ਵਿਚ ਘਰ ’ਚੋਂ ਨਾ ਬਾਹਰ ਨਿਕਲਿਆ ਕਰ।

ਸ਼ੀਸ਼ਾ ਹੀ ਸਹੀ, ਮੈਂ ਮੰਨਦਾਂ, ਨਾ ਲਿਸ਼ਕਿਆ ਕਰ।

ਪਤਾ ਕੀ? ਕੌਣ ਖੋਲ੍ਹੇ ਤੇ ਪੜ੍ਹੇ , ਪੜ੍ਹਕੇ ਚੁਰਾਵੇ,

ਕਿਤਾਬਾਂ ਵਿਚ ਖ਼ਤ ਮਹਿਬੂਬ ਦੇ ਨਾ ਰੱਖਿਆ ਕਰ।

ਪਰਾਇਆ ਸ਼ਹਿਰ ਹੈ ਰੰਗਾਂ ਸੁਗੰਧਾਂ ਦਾ ਵੀ ਮੌਸਮ,

ਤੂੰ ਐਵੇਂ ਅਜਨਬੀ ਰੁੱਖਾਂ ਦੇ ਗਲ ਨਾ ਲੱਗਿਆ ਕਰ।

ਕਿਵੇਂ ਬਗਲਾਂ ’ਚ ਖੰਜਰ ਲੈ ਕੇ ਮਿਲਕੇ ਮੁਸਕਰਾਵਣ,

ਸਲੀਕਾ ਦੁਸ਼ਮਣੀ ਦਾ ਦੋਸਤਾਂ ਤੋਂ ਸਿੱਖਿਆ ਕਰ।

ਅਜੇ ਤਕ ਫ਼ੋਲਿਆ ਕਿਸਨੇ ਸਮੁੰਦਰ ਹੈ ਮੁਕੰਮਲ,

ਸਫ਼ੈਦੇ ਦੀ ਤਰ੍ਹਾਂ ਅਸਮਾਨ ਨੂੰ ਵੀ ਚੁੰਮਿਆ ਕਰ।

ਨਮੀ ਅੱਖਾਂ 'ਚ, ਬੁੱਲ੍ਹਾਂ ਤੇ ਤਬੱਸੁਮ, ਦਰਦ ਮਨ ਵਿਚ,

ਸਦਾ ‘ਅਜਮੇਰ’ ਕੋਲੋਂ ਇਸ ਤਰ੍ਹਾਂ ਨਾ ਵਿਛੜਿਆ ਕਰ।

📝 ਸੋਧ ਲਈ ਭੇਜੋ