ਚਿੰਤਨ ਦੀ ਤਕਦੀਰ

ਸ਼ਾਮੀ ਨਜ਼ਰ ਨਾਲ ਦਿਨ ਨੂੰ ਤੋਰਨ ਬਾਅਦ

ਮੈਂ ਅੰਬਰ ਦੇ ਪੇਸ਼ ਹੁੰਦਾ ਹਾਂ

ਹਾਰੀਆਂ ਅੱਖਾਂ ਤੇ ਕਸੈਲਾ ਨ੍ਹੇਰਾ ਡੁੱਲ੍ਹਣ ਲੱਗਦਾ ਹੈ

ਤੇ ਮੈਂ

ਕਾਲੇ ਅਸਮਾਨ ਨੂੰ ਦੁਰਾਸੀਸ ਦੇ ਦਿੰਦਾਂ......

ਕਾਲੀ ਉਡੀਕ

ਅੰਬਰ ਦੇ ਮਾਤਾ ਨਿਕਲਦੀ ਵੇਖਦਾ ਹਾਂ

ਹੌਲੀ ਹੌਲੀ ਮਾਤਾ ਦੇ ਦਾਣੇ

ਤਾਰੇ ਬਣਨ ਲੱਗਦੇ ਹਨ

ਮੈਂ ਤਾਰਿਆਂ ਵਿੱਚੀਂ

ਪਾਰਲੇ ਚਾਨਣ ਨਾਲ ਗੱਲਾਂ ਕਰਦਾ

ਤਾਰਿਆਂ ਦੇ

ਪੂਰੇ ਅਸਮਾਨ ਫੈਲ ਜਾਣ ਦੇ ਸੁਪਨੇ

ਸੌਂ ਜਾਂਦਾ ਹਾਂ......

ਬੀਬੀ ਹਾਕ ਮਾਰਦੀ ਹੈ

ਗੋਡੇ ਗੋਡੇ ਦਿਨ ਨੂੰ ਨਰਾਜ਼ਗੀ ਨਾਲ ਵੇਖਦਾਂ

ਮੇਰੀ ਉਡੀਕ ਦੇ ਰਾਹਾਂ ਤੋਂ ਬਿਨਾਂ

ਧੁੱਪ ਕਿੱਧਰੋਂ ਆਈ ਹੈ?

ਕਿਉਂ ਆਈ ਹੈ?

ਆਪੇ ਚੜ੍ਹੇ ਦਿਨ ਨੂੰ

ਅਸਵੀਕਾਰ ਕਰ ਦਿੰਦਾਂ

ਤੇ ਫੇਰ

ਓਪਰੇ ਪ੍ਰਾਹੁਣੇ ਵਾਂਗ ਆਏ ਦਿਨ ਨਾਲ

ਹੌਲੀ ਹੌਲੀ ਪਰਚਣ ਲੱਗਦਾਂ

ਕਿ ਦਿਨ ਦੀ ਹਥੇਲੀ ਤੋਂ ਤਿਲ੍ਹਕ ਜਾਂਦਾ ਹੈ ਸੂਰਜ

ਸ਼ਾਮੀ ਨਜ਼ਰ ਨਾਲ

ਕਾਲੀ ਉਡੀਕ ਦੇ ਸੇਕ ਵਿੱਚ

ਫੇਰ ਤਪਣ ਲੱਗ ਜਾਂਦਾਂ...

📝 ਸੋਧ ਲਈ ਭੇਜੋ