ਚਿਰਾਂ ਤੋਂ ਖ਼ੈਰ ਜਗ

ਚਿਰਾਂ ਤੋਂ ਖ਼ੈਰ ਜਗ ਦੀ ਮੰਗ ਰਿਹਾ ਹਾਂ, 

ਮੈਂ ਭਾਵੇਂ, ਜਗ ਦੇ ਹੱਥੋਂ ਤੰਗ ਰਿਹਾ ਹਾਂ। 

ਕਿਸੇ ਹਾਉਕੇ ਤੋਂ ਇਹ ਸ਼ਾਇਦ ਬਣੀ ਹੈ, 

ਤਿਰੀ ਜੰਨਤ 'ਚ ਆਉਣੋਂ ਸੰਗ ਰਿਹਾ ਹਾਂ। 

ਧਰਤ ਪਾਸੋਂ ਤਾਂ ਜੰਨਤ ਖੋਹ ਲਵਾਂਗਾ, 

ਮੈਂ ਬੰਦੇ ਕੋਲੋਂ ਬੰਦਾ ਮੰਗ ਰਿਹਾ ਹਾਂ । 

ਜੇ ਵਰ ਮੰਗਿਆ ਤਾਂ ਸੀਨੇ ਸੂਲ ਮੰਗਿਆ, 

ਸਦਾ ਅਪਣੀ ਅਕਲ ਤੇ ਦੰਗ ਰਿਹਾ ਹਾਂ । 

ਇਹ ਸੋਹਣਾ ਫੁੱਲ ਕਿਤੇ ਬੇ-ਗ਼ਮ ਰਹੇ ਨਾ, 

ਮੈਂ ਫੁੱਲ ਦੀ ਅੱਖ 'ਚ ਹੰਝੂ ਟੰਗ ਰਿਹਾ ਹਾਂ । 

ਪਵੇਗਾ ਬੂਰ ਮਿਹਨਤ ਨੂੰ ਕਦੀ ਤਾਂ,

ਸਵੇਰਾਂ ਨਾਲ ਰਾਤਾਂ ਰੰਗ ਰਿਹਾ ਹਾਂ । 

ਮਿਰੀ ਮਿੱਟੀ ਨੇ ਕਿਉਂ ਕੁਰਲਾਟ ਪਾਇਆ, 

ਮੈਂ ਭਉ-ਸਾਗਰ ਤੋਂ ਖ਼ਬਰੇ ਲੰਘ ਰਿਹਾ ਹਾਂ।

📝 ਸੋਧ ਲਈ ਭੇਜੋ