ਜਦ  ਵੀ  ਬਨੇਰੇ  ਉੱਤੇ   ਆਉਣ  ਚਿੜੀਆਂ।

ਚੀਂ-ਚੀਂ ਦਾ ਰਾਗ ਇਹ ਸੁਣਾਉਣ ਚਿੜੀਆਂ।

ਪਹਿਲਾਂ ਸਾਡੇ ਘਰ ਆਲ੍ਹਣੇ ਸੀ ਪਾਉਂਦੀਆਂ।

ਤੀਲਾ ਤੀਲਾ  ਜੋੜ  ਆਲ੍ਹਣਾ  ਸਜਾਉਂਦੀਆਂ।

ਸਭਨਾਂ  ਦਾ ਜੀਅ  ਬੜਾ  ਲਾਉਣ ਚਿੜੀਆਂ।

ਰੱਖਦੇ ਸੀ ਚੋਗਾ ਇਹਦਾ ਛੱਤਾਂ 'ਤੇ ਖਿਲਾਰ।

ਬੋਟਾਂ ਨੂੰ ਵੀ ਕਰਦੇ ਸੀ ਬਾਲ ਬੜਾ ਪਿਆਰ।

ਚੰਗੇ ਵੇਲੇ ਯਾਦ ਇਹ ਕਰਾਉਣ ਚਿੜੀਆਂ।

ਕੱਚਿਆਂ  ਤੋਂ  ਪੱਥਰਾਂ  ਦੇ ਘਰ  ਸਾਰੇ  ਹੋਏ।

ਹਰ  ਪਿੰਡ  ਸ਼ਹਿਰ  ਦੇਖੋ   ਟਾਵਰ  ਖਲੋਏ।

ਡਰਦੀਆਂ ਜਿੰਦ ਇਹ ਲੁਕਾਉਣ ਚਿੜੀਆਂ।

ਦਾਣਾ-ਪਾਣੀ ਜ਼ਹਿਰੀ, ਰੁੱਖ ਹਰਿਆ ਨਾ ਕੋਈ।

ਐਨੀ  ਮਾੜੀ ਜੂਨ  ਚਿੜੀਆਂ ਦੀ  ਕਿਉਂ ਹੋਈ?

ਹੁਣ  ਫੇਰਾ  ਵਿਹੜੇ  ਕਿੰਞ  ਪਾਉਣ ਚਿੜੀਆਂ?

ਆਓ ! ਸਾਰੇ ਲਾਲਚ ਨੂੰ ਘੱਟ ਕਰੀਏ....

ਚੱਲ ਰੁੱਖ ਲਾਈਏ ਸਾਰੇ ਹਾਮੀ  ਭਰੀਏ....

ਦਾਣਾ-ਪਾਣੀ ਜ਼ਹਿਰੀ ਕਰਨੋਂ ਡਰੀਏ....

ਅਣਿਆਈ ਮੌਤ ਫਿਰ ਨਾ ਹੀ ਮਰੀਏ....

ਦੇਖੀਂ ਕਿੰਞ 'ਅਮਰ' ਇਹ ਆਉਣ ਚਿੜੀਆਂ।

ਚੀਂ-ਚੀਂ ਦਾ ਰਾਗ ਇਹ ਸੁਣਾਉਣ ਚਿੜੀਆਂ।

ਜਦ  ਵੀ  ਬਨੇਰੇ  ਉੱਤੇ   ਆਉਣ  ਚਿੜੀਆਂ।

📝 ਸੋਧ ਲਈ ਭੇਜੋ