ਚਿੜੀਆਂ ਨੂੰ ਨਾ ਚੋਗਾ ਮਿਲਦਾ

ਚਿੜੀਆਂ ਨੂੰ ਨਾ ਚੋਗਾ ਮਿਲਦਾ ਗਿਰਝਾਂ ਖਾਵਣ ਮਾਸ

ਜ਼ੋਰਾਵਰ ਨੂੰ ਤੇਰੀ ਦੁਨੀਆ ਰੱਬਾ ਆਵੇ ਰਾਸ

ਰੱਜ ਕੇ ਵੈਰੀ ਵੈਰ ਕਮਾਂਦੇ ਹਸਦੇ ਦੇਖ ਕੇ ਗ਼ੈਰ,

ਘਰ ਦੇ ਖ਼ੂਨ-ਖ਼ਰਾਬੇ ਕੀਤਾ ਘਰ ਦਾ ਸੱਤਿਆ ਨਾਸ

ਜਗ ਦੀਆਂ ਗ਼ਰਜ਼ਾਂ ਕਰ ਦਿੱਤਾ ਸਭ ਦਾ ਚਿੱਟਾ ਖ਼ੂਨ,

ਗੋਰ ਕਿਨਾਰੇ ਪਹੁੰਚ ਗਿਆ ਬੰਦੇ ਦਾ ਅਹਿਸਾਸ

ਤੇਰੇ ਮਗਰੋਂ ਗੁਲਸ਼ਨ ਦੀ ਫੇਰ ਇੰਜ ਵੀਰਾਨੀ ਹੋਈ,

ਰੁੱਸੀਆਂ ਬਾਗ਼ ਬਹਾਰਾਂ ਉੱਡ ਗਈ ਫੁੱਲਾਂ ਵਿੱਚੋਂ ਬਾਸ

ਸਾਰੀ ਦੁਨੀਆ ਵਾਲੇ ਪੂਜਨ ਜ਼ਰ ਦੇ ਲਾਤ-ਮਨਾਤ,

ਦਰਵੇਸ਼ਾਂ ਨੂੰ ਰਹਿੰਦੀ 'ਆਹੂ' ਰੱਬ ਸੱਚੇ ਤੇ ਆਸ

📝 ਸੋਧ ਲਈ ਭੇਜੋ