ਤੇਰੇ ਵਰਗਾ ਤੇਰਾ ਖ਼ਤ
ਕਲ੍ਹ ਵੀ ਆਇਆ ਅਜ ਵੀ ਆਇਆ ਹੈ
ਇਹਦਾ ਆਉਣਾ ਹੀ ਇਸ ਦਾ ਅਰਥ ਹੈ
ਇਹਦੀ ਪੈਂਤੀ ਪੜ੍ਹੇ ਬਿਨ
ਏਸ ਨੂੰ ਪਹਿਚਾਣ ਲੈਂਦਾ ਹਾਂ
ਇਹ ਸੌ-ਨੁਕਰਾ ਜਿਹਾ ਇਕ ਰੋਬੜਾ
ਪੱਥਰ ਨਹੀਂ, ਸੱਚ ਹੈ
ਇਹ ਤੇਰਾ-ਮੇਰਾ ਯੁਗ-ਅਵਤਾਰ
ਮੈਂ ਇਸ ਬੇਰੂਪ, ਬੇਮੂੰਹੀ ਜਹੀ ਆਵਾਜ਼ ਨੂੰ
ਅਜ ਦਾ ਸਾਲਗਰਾਮ ਮੰਨ ਕੇ
ਘਰ ਤੋਂ ਬਾਹਰ, ਘਰ ਦੇ ਪਹਿਰੇਦਾਰ
ਕੂੜੇ ਦੇ ਸਿਖ਼ਰ ਉਤੇ
ਟਿਕਾਇਆ ਚੁਪ-ਤਿਲਕ ਕਰ ਕੇ
ਤੂੰ ਸੱਚ ਕਹਿੰਦੈਂ :
ਅਸਾਡੇ ਦੇਵਤੇ, ਮੰਦਰ
ਦੁਹਾਂ ਦੇ ਰੂਪ ਤੇ ਅਸਥਾਨ
ਕਿੰਨੇ ਬਦਲ ਚੁਕੇ ਨੇ
ਨਵਾਂ ਦਿਉਤਾ ਬਣਾਇਆ ਤੂੰ
ਨਵੀਂ ਥਾਂ ਮੈਂ ਟਿਕਾਇਆ ਹੈ
ਤੇਰੇ ਵਰਗਾ ਤੇਰਾ ਖ਼ਤ
ਅੱਜ ਵੀ ਆਇਆ ਹੈ
ਜਦੋਂ ਤੇਰੀ ਦਿਸ਼ਾ ਵਲੋਂ ਕੋਈ ਪੱਥਰ
ਮੇਰੇ ਦਾਲਾਨ ਜਾਂ ਬੈਠਕ ਦੇ ਵਿਚ ਪਰਵੇਸ਼ ਕਰਦਾ ਹੈ
ਮੇਰੇ ਤਨ-ਮਨ 'ਚ
ਇਕ ਸਜਰਾ ਜ਼ਖ਼ਮ ਆਵਾਜ਼ ਦੇਂਦਾ ਹੈ
ਮੇਰੇ ਸੁੰਗੜੇ ਖ਼ਲਾਅ ਵਿਚ ਕੋਈ ਗ਼ੈਬੀ ਹੱਥ ਉਭਰਦਾ ਹੈ
ਕਿਸੇ ਮਿਹਰਾਬ 'ਚੋਂ ਪੱਥਰ ਕੋਈ ਤੋੜਣ ਲਈ
ਕੋਈ ਪੱਥਰ ਨਹੀਂ ਭੁਰਦਾ
ਮੇਰੇ ਤਨ ਦਾ ਕੋਈ ਟੋਟਾ
ਤੇਰੇ ਵੱਲੇ ਨਹੀਂ ਤੁਰਦਾ
ਮੈਂ ਗ਼ੈਬੀ ਹੱਥ 'ਚ ਅਪਣੇ ਕ੍ਰੋਧ ਨੂੰ
ਮੁੜ੍ਹਕੋ-ਮੁੜ੍ਹਕ ਬਹੁਵਾਰ ਤੱਕਿਆ ਹੈ
ਮੈਂ ਗ਼ੈਬੀ ਹੱਥ 'ਚ ਅਪਣੀ ਸ਼ਰਮ ਨੂੰ
ਬੇਬਸ-ਜਹੀ, ਲਾਚਾਰ ਤੱਕਿਆ ਹੈ
ਮੇਰੀ ਖ਼ਾਤਰ ਬਣੇ ਪੱਥਰ
ਕਿਸੇ ਮਿਹਰਾਬ ਦੇ ਵਿਚ ਸੋਭ ਚੁੱਕੇ ਨੇ
ਅਜਨਮੇ ਸੈਲ-ਕੰਕਰ
ਕਿਸੇ ਕਾਨਸ 'ਚ ਬੈਠਣ ਨੂੰ ਹੁਣੇ ਤੋਂ ਲੋਭ ਚੁਕੇ ਨੇ
ਮੇਰੀ ਜਨਮੀ ਅਜਨਮੀ ਹੋਂਦ ਦਾ
ਕਿਣਕਾ ਕੋਈ ਵਾਫ਼ਰ ਨਹੀਂ
ਜੋ ਤੈਨੂੰ ਅਰਪ ਦੇਵਾਂ
ਮੈਨੂੰ ਅਪਣਾ ਜਨ ਅਭਿਮਾਨ ਵਰਗਾ ਜਾਪਿਆ ਹੈ
ਤੇਰੇ ਵਰਗਾ, ਤੇਰਾ ਪੱਥਰ
ਮੇਰੇ ਸੋਫ਼ੇ ਤੇ ਮਧਰੀ ਈਰਖ਼ਾ ਜਿਉਂ ਆਣ ਬੈਠਾ ਹੈ
ਮੇਰਾ ਸਗਲਾ ਸ੍ਰਿਜਨ ਸ਼ਰਮਾ ਗਿਆ ਹੈ
ਕੋਈ ਦੁਖ ਨੀਂਦ ਵਿਚ ਬਰੜਾ ਪਿਆ ਹੈ
ਮੈਂ ਉਚ-ਲੰਮ-ਸਲੰਮੇ ਸ਼ੌਕ ਖ਼ਾਤਰ ਸਿਰਜਿਆ ਸੀ
ਪਿਆਰ-ਕੱਦ, ਬੁਲੰਦ ਦਰਵਾਜ਼ਾ
ਮਹਾਂ ਮਧਰੀ ਜਹੀ ਸ਼ੈ ਕਿਸ ਤਰ੍ਹਾਂ ਇਸ ਘਰ 'ਚ
ਆ ਬੈਠੀ ?
ਕੀ ਛਿਣ ਅਧਛਿਣ ਲਈ
ਮੇਰੀ ਬੁਲੰਦੀ ਝੂਮ ਕੇ ਮਧਰਾ ਗਈ ਸੀ
ਮੇਰੀ ਅਪਣੀ ਨਿਮਨਤਾ ਨੇ ਹੀ
ਕੀ ਤੈਨੂੰ ਬੁਲਾਇਆ ਹੈ ?
ਤੇਰੇ ਵਰਗਾ, ਤੇਰਾ ਖ਼ਤ-
ਕਲ੍ਹ ਵੀ ਆਇਆ, ਅੱਜ ਵੀ ਆਇਆ ਹੈ