ਚਿੱਠੀਆਂ ਚੁੱਪ ਚਾਪ ਆਉਂਦੀਆਂ ਸਨ
ਸੁਨੇਹੇ ਲੈ ਕੇ ਮੁੜ ਜਾਂਦੀਆਂ ਸਨ
ਅੱਜਕੱਲ੍ਹ
ਚਿੱਠੀਆਂ ਨਹੀਂ ਆਉਂਦੀਆਂ
ਕਿਸੇ ਹੋਰ ਦੇਸ ਟੁਰ ਗਈਆਂ ਹਨ ਸ਼ਾਇਦ
ਨਾ ਹੀ ਖੁਸ਼ੀ ਲਗਦੀ ਹੈ ਓਸ ਤਰ੍ਹਾਂ ਹਿੱਕ ਨੂੰ ਆ ਕੇ
ਅੱਜਕੱਲ੍ਹ ਫ਼ੋਨ
ਈਮੇਲਾਂ ਜਾਂ ਵਟਸਐਪ ਆਉਂਦੇ ਹਨ
ਨੇੜੇ ਵੀ ਨਹੀਂ ਹੁੰਦੇ
ਕਿ ਸਿਰ 'ਤੇ ਪਿਆਰ ਹੀ ਦੇ ਦੇਈਏ
ਉਹਨਾਂ 'ਚ ਕੋਈ ਦੁੱਖ ਦਰਦ ਨਹੀਂ ਹੁੰਦਾ
ਨਾ ਹੀ ਉਹ ਕਿਤਿਓਂ ਏਨੇ ਜ਼ਖ਼ਮੀਂ ਹੁੰਦੇ ਹਨ
ਤੇ ਨਾ ਹੀ ਬਹੁਤੇ ਲਾਡਲੇ
ਮਾਸੀ ਭੂਆ ਦੇ ਸੁੱਖ ਸੁਨੇਹੇ ਵਰਗੇ
ਫ਼ੋਨ ਈਮੇਲਾਂ ਜਾਂ ਵਟਸਐਪ
'ਚ ਕੁਝ ਵੀ ਨਹੀਂ ਹੁੰਦਾ ਹਿੱਕ ਨੂੰ ਲਾਉਣ ਵਾਲਾ
ਤੇ ਗਲ਼ ਲਾ ਕੇ ਚੁੱਪ ਕਰਾਉਣ ਵਾਲਾ
ਚਿੱਠੀਆਂ 'ਚ ਬਹੁਤ ਕੁਝ ਹੁੰਦਾ ਸੀ
ਚੁੱਕ ਚੁੱਕ ਕੇ ਖਿਡਾਉਣ ਵਰਗਾ
ਸਾਹਾਂ ਵਿਚ ਪਾਉਣ ਵਰਗਾ
ਹਿੱਕ ਨੂੰ ਵਿਰਾਉਣ ਵਰਗਾ
ਚਿੱਠੀਆਂ ਪਹਿਲਾਂ
ਹੱਥ ਸਾਫ਼ ਕਰ ਕੇ ਪੱਲੇ ਨਾਲ ਫ਼ੜੀਆਂ ਜਾਂਦੀਆਂ
ਅਦਬ ਨਾਲ ਸਾਂਭੀਆਂ ਜਾਂਦੀਆਂ ਸਦੀਆਂ ਭਰ
ਸਰ੍ਹਾਣਿਆਂ ਅਲਮਾਰੀਆਂ ਕਿਤਾਬਾਂ 'ਚ
ਅੱਖਾਂ ਪੂੰਝਦੀਆਂ ਚਿੱਠੀਆਂ
ਸੱਲ ਵਿਛੋੜੇ ਹੂੰਝਦੀਆਂ ਚਿੱਠੀਆਂ
ਕਦੇ ਡਾਕੀਏ ਦੀ ਉਡੀਕ ਹੁੰਦੀ ਸੀ
ਅੱਖਾਂ ਵਿਚ ਚੀਸ ਹੁੰਦੀ ਸੀ
ਰਾਤ ਗਿਣਦੀ ਤਾਰੀਕ ਹੁੰਦੀ ਸੀ
ਕੰਧ ਵਾਹੁੰਦੀ ਲੀਕ ਹੁੰਦੀ ਸੀ
ਖ਼ਤਾਂ ਰੁੱਕਿਆਂ ਚਿੱਠੀਆਂ
ਦੇ ਮਰਨ ਨਾਲ ਚਾਅ ਵੀ ਨਹੀਂ ਰਹੇ-
ਆਉਣ ਜਾਣ ਦੇ ਬਹਾਨੇ ਵੀ ਟੁਰ ਗਏ ਕਿਤੇ
ਉਹ ਇਸ਼ਕ ਵੀ ਨਹੀਂ ਰਿਹਾ
ਜੋ ਰੁੱਕਾ ਜਾਂ ਲਿਫ਼ਾਫਾ ਸੁੱਟ ਦੌੜ ਜਾਂਦਾ ਸੀ-
ਮੁਹੱਬਤ ਵਾਲੀ ਕੰਧ ਵੀ ਉੱਚੀ ਹੋ ਗਈ ਹੈ-
ਅੱਡੀਆਂ ਚੱਕ ਚੱਕ ਕਿਹਨੂੰ ਕੋਈ ਸੁੱਟੇ ਚਿੱਠੀਆਂ
ਕਿਹਨੂੰ ਦੱਸਣ ਰੋਸੇ ਚਿੱਠੀਆਂ
ਕਿਹਦੇ ਨਾਲ ਹੱਸਣ ਪੜ੍ਹ ਪੜ੍ਹ ਚਿੱਠੀਆਂ
ਕਿੱਥੇ ਚਲੀਆਂ ਗਈਆਂ ਹਨ
ਚਾਵਾਂ ਨਾਲ ਖਰੀਦ ਕੇ ਲਿਆਦੀਆਂ
ਤਹਾਂ ਲਾ ਲਾ ਬੰਦ ਕੀਤੀਆਂ ਬੁੱਲ੍ਹਾਂ ਦੇ ਪਿਆਰ ਛੁਹ ਨਾਲ
ਲਿਖੀਆਂ ਲਿਖਾਈਆਂ ਚਿੱਠੀਆਂ
ਮਿਨਤਾਂ ਕਰ ਕਰ ਪੜ੍ਹਾਈਆਂ ਚਿੱਠੀਆਂ
ਮੁੜ ਤਹਿ ਲਾ ਲਾ ਰਖਾਈਆਂ ਚਿੱਠੀਆਂ
ਹੁਣ ਕੋਈ ਨਹੀਂ ਉਡੀਕਦਾ ਡਾਕੀਏ ਨੂੰ
ਸੁਨੇਹੇ ਤਾਂ ਪਹਿਲਾਂ ਹੀ ਰੁੱਸੇ ਬੈਠੇ ਹੁੰਦੇ ਹਨ
ਜਾਂ ਫ਼ੋਨ ਸੁਣ ਕੇ -ਨਾ ਆ ਸਕਣ ਦਾ ਬਹਾਨਾ ਸੁਣ ਕੇ
ਜਾਂ ਫਿਰ ਵਟਸਐਪ 'ਚ ਨਰਾਜ਼ਗੀ ਦੀਆਂ ਸਤਰਾਂ ਪੜ੍ਹ ਕੇ
ਜਦੋਂ ਫ਼ੋਨ ਵੀ ਭੰਨਣ ਨੂੰ ਦਿਲ ਕਰਦਾ ਹੈ-
ਮਹਿੰਗਾ ਹੋਣ ਕਰਕੇ ਸੁੱਟਿਆ ਵੀ ਨਹੀਂ ਜਾਂਦਾ
ਮੁੜ ਕੇ ਲਿਆਈਏ ਚਲੋ ਚਿੱਠੀਆਂ ਦਾ ਪਹਿਰ
ਵਸ ਜਾਣ ਉੱਜੜੇ ਘਰ ਅਤੇ ਸ਼ਹਿਰ
ਖੁਸ਼ੀਆਂ ਤੋਂ ਉੱਤਰੇ ਸੁਪਨਿਆਂ ਦੀ ਗਹਿਰ
ਸਦੀਆਂ ਦੀ ਕੁੱਲ ਕਾਲਖ਼ ਧੋ ਕੇ
ਪਰਬਤ ਓਹਲੇ ਸੂਰਜ ਲੁਕੋ ਕੇ
ਬੋਹੜਾਂ ਦੇ ਦੁੱਖਾਂ ਨੂੰ ਰੋ ਕੇ
ਸੁਬਾ੍ਹ ਕਿਤਿਓਂ ਆਵਾਜ਼ ਨਹੀ ਆਈ !
ਖਬਰੇ ਕਿਉਂ ਰਬਾਬ ਨਹੀਂ ਆਈ
ਜਾਂ ਮਰਦਾਨੇ ਨੂੰ ਜਾਗ ਨਹੀਂ ਆਈ
ਮਹਿਕ ਜੁਆਨੀ ਖ਼ਾਬ ਨਹੀਂ ਆਈ
ਪੁਨੂੰ ਪੁਨੂੰ ਕਹਿ ਨਹੀਂ ਸਕਦਾ
ਹਾਸੇ ਤੇਰੇ ਸਹਿ ਨਹੀਂ ਸਕਦਾ
ਸੇਕ ਇਹਨਾਂ ਦੇ ਤੀਰਾਂ ਵਰਗੇ
ਕਿਰਨਾਂ ਦੇ ਕੋਲ ਬਹਿ ਨਹੀਂ ਸਕਦਾ