ਚਿੱਟਾ ਕਾਗਜ਼ ਕਾਲੇ ਅੱਖਰ ।

ਕਰਦੇ ਜਾਣ ਉਜਾਲੇ ਅੱਖਰ । 

ਕਲਮ  ਮੇਰੀ  ਦੇ  ਜਾਏ ਨੇ ਇਹ,

ਅਣਖ਼ਾਂ ਦੇ ਸੰਗ ਪਾਲ਼ੇ ਅੱਖਰ ।

ਕਲਮ ਜਦੋਂ  ਲਿਖਦੀ ਹੈ ਮੇਰੀ,

ਫਿਰਦੇ ਆਲ ਦੁਆਲੇ ਅੱਖਰ ।

ਵੇਖ  ਲਵਾਂ ਗੱਦਾਰਾਂ  ਨੂੰ ਜਦ, 

ਖਾਂਦੇ ਫਿਰਨ ਉਬਾਲੇ ਅੱਖਰ ।

ਆ ਜਾਵਣ  ਜਦ  ਆਈ ਤੇ ਇਹ,

ਫਿਰ ਨਾ ਜਾਣ ਸੰਭਾਲੇ ਅੱਖਰ ।

ਕੱਢੇ   ਮਾਨਸਰੋਵਰ  ਅੰਦਰੋਂ,

ਚੁੱਭੀਆਂ ਲਾ ਲਾ ਭਾਲ਼ੇ ਅੱਖਰ ।

ਮੇਰੇ  ਦਿਲ ਦੇ ਟੁਕੜੇ ਨੇ ਇਹ

ਜਾਨ ਤੋੰ ਵੱਧ ਸੰਭਾਲ਼ੇ ਅੱਖਰ ।

ਨਾਲ ਸੁਰਾਂ ਦੇ ਤੁਰਦੇ ਨੇ ਇਹ, 

ਹੁੰਦੇ ਨਹੀੰ ਬੇ ਤਾਲੇ ਅੱਖਰ ।

ਇਹ  ਅੱਖਰ  ਮੈਂ ਆਪ  ਲਿਖੇ ਨੇ,

ਕਿਤਿਉਂ ਨਹੀਂ ਉਧਾਲੇ  ਅੱਖਰ ।

ਜਦ ਰੁਖ਼ਸਤ ‘ਸੁਰਜੀਤ’ ਹੋਏਗੀ,

ਸ਼ਬਦ ਤੁਰਨਗੇ ਨਾਲੇ  ਅੱਖਰ ।

📝 ਸੋਧ ਲਈ ਭੇਜੋ