ਚਿੱਟੇ ਦਿਨ ਜੋ ਫ਼ਿਰਨ ਗਵਾਚੇ, ਰੋਂਦੇ ਰਾਤ ਇਨਸਾਨਾਂ ਨੂੰ ।
ਅਕਲਾਂ ਪਿੱਟੇ ਕਿਸਰਾਂ ਸਮਝਣ, ਆਸ਼ਿਕ ਲੋਕ ਨਾਦਾਨਾਂ ਨੂੰ ।
ਦਿਨ ਵੇਲੇ ਤੇ ਮੈਂਬਰੇ ਚੜ੍ਹਦੇ ਰਾਤੀਂ ਦਾਰੂ-ਖ਼ਾਨੇ ਵਿਚ,
ਦੱਸੋ ਬੰਦਾ ਕੀ ਹੁਣ ਆਖੇ ਐਡੇ ਵੱਡੇ ਸ਼ੈਤਾਨਾਂ ਨੂੰ ।
ਸੱਜਣ ਜੇ ਕਰ ਨਜ਼ਰ ਨਾ ਆਵੇ ਛਮ-ਛਮ ਹੰਝੂ ਵਗਦੇ ਨੇ,
ਹਿਜਰ-ਵਿਛੋੜੇ ਮਾਰੇ ਹੋਰ ਕੀ ਜਾਨਣ ਚੜ੍ਹੇ ਤੂਫ਼ਾਨਾਂ ਨੂੰ ।
ਕੀ ਕੀ ਕਰਮ ਕਮਾਏ ਸੱਜਣਾ ਪੁੱਛ ਨਾ ਮੇਹਰ-ਵਫ਼ਾਵਾਂ ਦਾ,
ਸੂਲਾਂ ਨਾਲੋਂ ਤਿੱਖੀਆਂ ਚੁੰਝਾਂ ਵਾਲੇ ਤੀਰ ਕਮਾਨਾਂ ਨੂੰ ।
ਵਲ ਵਲ, ਵਲ ਪਿਆ ਪਾਵੇ ਭਾਵੇਂ ਹੱਡ ਬੀਤੀ ਇਹ ਲੱਗਦੀ ਏ,
ਨੀਂਦਰ 'ਆਸਿਮ' ਉਡਦੀ ਜਦ ਕਦ ਲੱਗਦੀ ਅੰਦਰ ਜਾਨਾਂ ਨੂੰ।