ਚੋਰਾਂ ਦੇ ਹੱਥ ਆ ਗਈ

ਚੋਰਾਂ ਦੇ ਹੱਥ ਆ ਗਈ ਦੇਖੋ ਅੱਜ ਮੁਖ਼ਤਾਰੀ ।

ਆਟਾ ਆਟਾ ਕਰਦੀ ਪਈ ਏ ਦੁਨੀਆ ਸਾਰੀ ।

ਮਹਿੰਗਾਈ ਦਾ ਫ਼ਨੀਅਰ ਸ਼ੂਕਾਂ ਮਾਰ ਰਿਹਾ ਏ,

ਜ਼ਹਿਰੀ 'ਵਾ ਨੇ ਹਰ ਬੰਦੇ ਦੀ ਮੱਤ ਏ ਮਾਰੀ ।

ਆਪਣੀ ਮਰਜ਼ੀ ਨਾਲ ਕਿਵੇਂ ਸਾਹ ਲਈਏ ਫੇਰ,

ਥਾਂ-ਥਾਂ ਗਿਰਵੀ ਪਈ ਏ ਸਾਡੀ ਖ਼ੁਦਮੁਖ਼ਤਾਰੀ ।

ਇਕ-ਦੂਜੇ ਨੂੰ ਵੱਢਣ-ਟੁੱਕਣ ਖ਼ੂਨ ਦੇ ਰਿਸ਼ਤੇ,

ਹਿਰਸ-ਹਵਾ ਦੀ ਦੇਖ ਰਿਹਾ ਹਾਂ ਕਾਰਗੁਜ਼ਾਰੀ ।

ਖ਼ੁਸ਼ੀਆਂ ਦੇ ਟੁਰ ਜਾਵਣ ਉੱਤੇ ਉਹ ਨਹੀਂ ਝੁਰਦੇ,

ਗ਼ਮ ਦੇ ਨਾਲ ਨਿਭਾਣਾ ਜਾਨਣ ਜਿਹੜੇ ਯਾਰੀ ।

ਲਾਡਾਂ ਵਾਲੀ ਧੀ ਦਾ ਫਿਰ ਵੀ ਘਰ ਨਹੀਂ ਵੱਸਿਆ,

ਦਾਜ ਬਣਾਂਦੇ ਟੁਰ ਗਏ ਮਾਪੇ ਵਾਰੋ-ਵਾਰੀ ।

ਅਮਨ, ਸਕੂਨ, ਮੁਹੱਬਤ ਕਿੱਥੋਂ ਲੱਭੀਏ 'ਸ਼ਾਹਿਦ'

ਜਦੋਂ ਯਹੂਦ ਨਿਸਾਰੀ ਨਾਲ ਏ ਸਾਡੀ ਯਾਰੀ ।

📝 ਸੋਧ ਲਈ ਭੇਜੋ