ਚੋਰਾਂ ਵਾਂਗੂੰ ਅੱਖ ਚੁਰਾਈ

ਚੋਰਾਂ ਵਾਂਗੂੰ ਅੱਖ ਚੁਰਾਈ ਜਾਨਾਂ ਏਂ ।

ਦੰਦਾਂ ਥੱਲੇ ਜੀਭ ਦਵਾਈ ਜਾਨਾਂ ਏਂ ।

ਵੇਖਣ ਨੂੰ ਤੂੰ ਭੋਲਾ-ਭਾਲਾ ਲੱਗਣਾ ਏਂ,

ਬੁੱਕਲ ਦੇ ਵਿਚ ਛੁਰੀ ਲੁਕਾਈ ਜਾਨਾਂ ਏਂ ।

ਜੋ ਬੀਜੇਂਗਾ ਓੜਕ ਉਹੋ ਵੱਢਣਾ ਈ,

ਕੰਡੇ ਰਾਹਵਾਂ ਵਿੱਚ ਉਗਾਈ ਜਾਨਾਂ ਏਂ ।

ਐਸ਼ ਕਰੇਂ ਤੂੰ ਆਪਣੇ ਉੱਚੇ ਮਹਿਲਾਂ ਵਿਚ,

ਸਾਡੇ ਪਿਆਰ ਦੀ ਕੁੱਲੀ ਢਾਈ ਜਾਨਾਂ ਏਂ ।

ਹੋਰ ਕਿੰਨਾ ਅਜ਼ਮਾਉਣੈ 'ਸਦਫ਼' ਜੀ ਇਸ਼ਕੇ ਨੂੰ,

ਕੱਚਾ ਘੜਾ ਝਨਾਂ ਵਿਚ ਪਾਈ ਜਾਨਾਂ ਏਂ ।

📝 ਸੋਧ ਲਈ ਭੇਜੋ