ਚੌਂਕ ਤੋਂ ਹੁਣ ਜਰਾ ਪਰੇ ਕਰਕੇ

ਚੌਂਕ ਤੋਂ ਹੁਣ ਜਰਾ ਪਰੇ ਕਰਕੇ

ਲਾ ਦਿਓ ਇਹ ਬੁੱਤ

ਇਹ ਵੀ ਬੁੱਤ ਪੁੱਤ ਸੀ ਕਦੇ-

ਚਲੋ ਹੋਰ ਚੌਂਕ ਸਜਾਈਏ

ਪਏ ਨੇ ਬਹੁਤ ਖਾਲੀ

ਏਥੇ ਨਾ ਖੜ੍ਹੋ

ਇਥੇ ਹੁਣ ਹੋਰ ਹਾਦਸਾ ਹੋਣਾ ਹੈ-

ਕਿਸੇ ਦਾ ਸੁਪਨਾ ਮਰਨਾ ਹੈ

ਕਿਸੇ ਦਾ ਲਹੂ ਚੋਣਾ ਹੈ

ਪਤਾ ਨਹੀਂ ਕਿਸ ਪਾਸਿਓਂ

ਅੰਨ੍ਹੀ ਕੋਈ ਗੋਲੀ ਆਉਣੀ ਹੈ

ਕਿਸਦਾ ਹੈ ਨਾਂ ਲਿਖਿਆ ਉਸ ਉੱਤੇ

ਕਿਸ ਮਾਂ ਲਈ ਅਣਹੋਣੀ ਆਉਣੀ ਹੈ

ਕਦੇ ਬਣਦੀਆਂ ਸਨ

ਇੱਟਾਂ ਦੀਆਂ ਕੰਧਾਂ

ਤੇ ਪੱਥਰਾਂ ਦੇ ਬੁੱਤ-

ਕਿੰਨਾ ਬਦਲ ਗਿਆ ਹੈ ਮੌਸਮ

ਨੀਹਾਂ ਨੂੰ ਪੁੱਤਰਾਂ ਦੀ ਲੋੜ ਪੈ ਗਈ ਹੈ

ਲੋਰੀਆਂ ਨੂੰ ਕੰਧਾਂ ਤੋਂ

ਮਿਟਾਇਆ ਜਾ ਰਿਹਾ ਹੈ-

ਕਦੇ ਜੀਣ ਜੋਗੇ ਹੁੰਦੇ ਸਨ ਦਿਨ

ਹਰ ਰੋਜ਼ ਅਰਦਾਸ ਹੁੰਦੀ ਸੀ ਸ਼ਿੰਦਿਆਂ ਲਈ

ਖਬਰੇ ਕਿੱਧਰੋਂ ਵਾ ਆਈ ਹੈ

ਹਰ ਸ਼ਾਮ ਪੁੱਤ ਲੱਭਦੀ ਹੈ-

ਸਵੇਰੇ ਸੂਰਜ ਮਿਟਾਉਣ ਤੁਰ ਪਏ ਹਨ-

ਰਾਤ ਦੇ ਤਾਰੇ ਟੁੱਟੇ ਨਹੀਂ ਚੁਗ ਹੁੰਦੇ

ਕਦੇ ਮਾਵਾਂ ਜੰਮਦੀਆਂ ਸੀ ਕਲਗੀਆਂ ਵਾਲੇ-

ਹਿੱਕਾਂ ਨੂੰ ਆਪ ਤੋਰਨ ਵਾਲੇ-

ਮਾਵਾਂ ਦੀਆਂ ਛਾਵਾਂ ਤੋਂ ਦੂਰ

ਸੱਥਰਾਂ ਤੇ ਗਾਉਣ ਵਾਲੇ-

ਕੰਡਿਆਂ ਤੇ ਸਾਉਣ ਵਾਲੇ-

ਅੱਜਕਲ ਰੋਜ਼ ਰਾਤਾਂ

ਬੱਚੇ ਗਿਣ 2 ਸੌਂਦੀਆਂ ਹਨ

ਅੱਥਰੂ ਕੁਝ ਸਾਂਭ ਸਵਾਤੀਂ

ਸਾਹ ਸੁੱਕਣੇ ਲੱਪ ਪਾਉਂਦੀਆਂ ਹਨ  

ਮਾਂਵਾਂ ਤਲਵਾਰਾਂ ਫ਼ੜਾ

ਯੁੱਧ 'ਚ ਖੇਡਣ ਨੂੰ ਘੱਲਦੀਆਂ ਸਨ

ਹੁਣ ਪੁੱਤ ਲੁਕੋਣੇ ਪੈਂਦੇ ਹਨ-ਮੀਜ਼ਾਈਲਾਂ ਤੋਂ-  

ਪਾਤਸ਼ਾਹ ਜੇ ਹੁੰਦੇ ਤਾਂ

ਹਾਕਮ ਨੂੰ ਲਲਕਾਰਦੇ

ਸੁਰਖ਼ ਤਵੀਆਂ ਤੇ ਆਸਣ ਕਰਦੇ-

ਜੇ ਨ੍ਹਾਉਂਦੇ ਤਾਂ ਤਵਦੀ ਰੇਤ ਨਾਲ

ਤੀਰ ਜੋ ਕਦੇ ਹਿੱਕਾਂ ਮਿਣਦੇ ਸਨ

ਅੱਜਕਲ ਓਹੀ ਤੀਰ ਤਖ਼ਤ ਦੇ ਪਾਵੇ

ਹੇਠੋਂ ਲੱਭਦੇ ਹਨ-

ਡੰਡੌਤ ਕਰਦੇ ਨੇ ਤੀਰ ਅੱਜਕਲ

ਅਰਜ਼ਾਂ ਕਰਦੀਆਂ ਨੇ ਤਲਵਾਰਾਂ ਹਾਕਮ ਦੀ ਵੱਡਉਮਰ ਲਈ

ਖਬਰੇ ਕੀ ਹੋ ਗਿਆ ਹੈ ਗਲਾਂ ਲਮਕਦੀਆਂ ਸ਼ਮਸ਼ੀਰਾਂ ਨੂੰ

ਇਤਿਹਾਸ ਦੇ ਸਫ਼ਿਆਂ ਤੇ ਰੀਂਗਦੀਆਂ ਲਕੀਰਾਂ ਨੂੰ

ਸੂਰਜਾਂ ਦੀਆਂ ਕਿੱਲੀਆਂ ਤੇ ਲਟਕਦੀਆਂ ਤਸਵੀਰਾਂ ਨੂੰ

ਮੱਥਿਆਂ ਡੂੰਘੀਆਂ ਤਰਦੀਆਂ ਤਕਦੀਰਾਂ ਨੂੰ

ਬਾਹਾਂ ਨਾਲ ਹੱਥ ਹੈ ਨਹੀਂ ਗਲਾਂ ਕਿਰਪਾਨ ਹੈ ਨਹੀਂ

ਨਾਂ ਤੇਰਾ ਹੋਟਾਂ ਉੱਤੇ ਸਾਹਾਂ ਉੱਤੇ ਨਾਮ ਹੈ ਨਹੀਂ

ਮਰਮਰੀ ਪੌੜੀਆਂ ਨੇ ਅੰਦਰ ਭਗਵਾਨ ਹੈ ਨਹੀਂ

ਦਿੱਲਪਰਤੀਂ ਹਾਉਕੇ ਲੱਖ ਮੂੰਹਾਂ ਜ਼ੁਬਾਨ ਹੈ ਨਹੀਂ

📝 ਸੋਧ ਲਈ ਭੇਜੋ