ਚੁਬਾਰੇ ਦੀ ਖਿੜਕੀ

ਗਲੀ ਉੱਚੀ ਹੋ ਜਾਣ ਕਾਰਨ 

ਡੂੰਘੀ ਹੋਈ ਬੈਠਕ ਦੀ 

ਖਿੜਕੀ ਵਿਚੋਂ

ਵੇਖ ਕੇ ਡੁੱਬਦਾ ਸੂਰਜ

ਅਕਸਰ ਆਖਦਾ ਬਾਪੂ 

ਚੁਬਾਰਾ ਪਾਉਣਾ ਹੈ ਆਪਾਂ

ਖਿੜਕੀ ਰੱਖਣੀ ਹੈ

ਚੜਦੇ ਵੱਲ

ਤੱਕਣਾ ਹੈ

ਚੜਦੇ ਸੂਰਜ ਨੂੰ 

ਇੱਕ ਵਾਰ

ਚੁਬਾਰੇ ਦੀ ਖਿੜਕੀ ਵਿੱਚੋਂ।

ਪੁੱਤਰਾ

ਜਿਹੜਾ ਹੱਥ ਰੱਖਿਆ ਹੈ

ਸਿਰ ‘ਤੇ ਤੇਰੇ

ਜਿਸ ਨਾਲ ਥਾਪੜਿਆ ਹੈ

ਮੋਢਾ ਤੇਰਾ

ਇੱਕ ਵਾਰ

ਉਹੀ ਹੱਥ

ਗੁਰਬਤ ਦੀਆਂ ਜਾੜ੍ਹਾਂ ਤੇ

ਮਾਰਨਾ ਹੈ ਕੱਸ ਕੇ।

ਪੈਰਾਂ ਦੀਆਂ ਬਿਆਈਆਂ ਵਿੱਚ

ਮੋਮ ਨਹੀ ਭਰਨਾ 

ਗੁਰਗਾਬੀ ਲੈ ਹੀ ਲੈਣੀ ਹੈ ਐਤਕੀਂ।

ਕੈਲੋ ਦੇ ਪ੍ਰਾਹੁਣੇ ਨੂੰ ਵੀ

ਦੇ ਹੀ ਦੇਣਾ ਹੈ ਸਕੂਟਰ,

ਐਵੇਂ ਕਿਤੇ

ਇਹ ਨਾ ਆਖਦਾ ਹੋਵੇ ਕੁੜੀ ਨੂੰ

ਕਿ ਨੰਗਾਂ ਨਾਲ ਵਾਹ ਪੈ ਗਿਆ

ਉਸਦਾ।

ਤੇਰਾ ਸਾਕ ਵੀ ਕਰ ਲੈਣਾ ਹੈ

ਹੁਣ ਨੀ ਮੋੜਨਾ

ਪਾਲਾ ਵਿਚੋਲਾ

ਚੜ੍ਹਦੀ ਜਾਂਦੀ ਹੈ

ਉਮਰ ਤੇਰੀ

ਡਰ ਜਾਂਦਾ ਹਾਂ ਸੋਚ ਕੇ

ਕਹਿੰਦੇ ਨੇ “ਪੁੱਤ ਸ਼ਾਹੂਕਾਰ ਦਾ ਵੀ ਰਹਿ ਜਾਂਦੈ"।

ਸਾਰੇ ਕੰਮ

ਕਰ ਲੈਣੇ ਨੇ ਲੋਟ

ਬੱਸ ਖਿੜਕੀ ਖੁਲਦੀ ਹੋਜੇ

ਇੱਕ ਵਾਰ 

ਚੜ੍ਹਦੇ ਵੱਲ

📝 ਸੋਧ ਲਈ ਭੇਜੋ