ਚੁੱਕ ਅੰਬਰ ਮਿਰੀ ਸਦਾ ਜਾਂਦੇ।
ਵੱਲ ਮੁਰਸ਼ਦ ਜ਼ਿਮੀਂ ਦੇ ਰਾਹ ਜਾਂਦੇ।
ਵਿਚ ਝੱਖੜ ਕਿਣਕੇ ਰੁਲਦੇ ਜੋ
ਹੋ ਸੂਰਜ ਵਾਂਗ ਗਵਾਹ ਜਾਂਦੇ।
ਚੁੱਪ ਸਜਦੇ ਪਾੜ ਕੇ ਕੂਕ ਚੜ੍ਹੀ
ਹੋ ਬੂਹੇ ਮਿਰੇ ਫ਼ਨਾਹ ਜਾਂਦੇ।
ਇਹ ਰਾਹ ਗੁਮਨਾਮ ਹਸ਼ਰ ਦਾ ਹੈ !
ਕੋਈ ਬ੍ਰਿਛ ਅਲਾਹ ਦਾ ਲਾ ਜਾਂਦੇ।
ਇਹ ਇਲਮ-ਖ਼ੁਦਾ ਮਨਜ਼ੂਰ ਪਵੇ
ਜੇ ਜ਼ਿਮੀਂ ਨੂੰ ਕੁੱਝ ਫ਼ੁਰਮਾ ਜਾਂਦੇ।
ਚੁੱਪ ਖ਼ਾਨਗਾਹਾਂ ਦੇ ਪੱਥਰ ਜੋ
ਰੱਬ ਹਰਫ਼ 'ਚ ਰੰਗ ਜਮਾ ਜਾਂਦੇ।
ਰੁੱਖ ਝੂੰਮਣ ਨਾਜ਼ਕ ਫ਼ਜਰਾਂ ਦੇ
ਸਭ ਖ਼ੂਨੀ ਸ਼ਹਿਰ ਤਪਾ ਜਾਂਦੇ।
ਸੌਂ ਜਾਣ ਜੱਲਾਦ ਗੁਬਾਰਾਂ ਵਿਚ
ਲੱਖ ਸੁੱਤੇ ਨਗਰ ਜਗਾ ਜਾਂਦੇ।
ਬੰਨ੍ਹ ਹੁਕਮ ਲਸ਼ਕਰਾਂ ਦੇ ਖ਼ੂਨੀ
ਰੋਹ ਨਾਜ਼ਕ ਪਰ ਵਿਚ ਆ ਜਾਂਦੇ।
ਝੱਲ ਪਿਆ ਹਵਾ ਵਿਚ ਨੂਰ ਕੋਈ
ਲਗ ਪੈੜਾਂ ਨਾਲ ਗੁਨਾਹ ਜਾਂਦੇ।
ਮੇਰੇ ਮੱਥੇ ਚਰਖ-ਸ਼ੁਦਾ ਵੱਜੇ
ਹੋ ਡਾਢੇ ਸਬਰ ਨਿਗਾਹ ਜਾਂਦੇ।
ਹਾਂ, ਸਬਰ ਅਲਾਹ ਦੇ ਨਾਲ ਤੁਰੇ
ਰੱਤ ਡੂੰਘੇ ਸੁੰਮ ਵਿਚ ਪਾ ਜਾਂਦੇ।
ਅਸੀਂ ਦੀਨ-ਸ਼ੁਦਾ ਦੇ ਪੱਥਰ ਤੱਕ
ਰਗ ਪੱਥਰ ਹੇਕ ਚੜ੍ਹਾ ਜਾਂਦੇ।