ਚੁੰਮ-ਚੁੰਮ ਸੀਨੇ ਸਾਂਭੀ ਜਾਵਾਂ

ਚੁੰਮ-ਚੁੰਮ ਸੀਨੇ ਸਾਂਭੀ ਜਾਵਾਂ ਜਿਸ ਦਾ ਮਿਲੇ ਵਿਸਾਲ ।

ਮੌਜਾਂ ਮਾਨਣ ਵਾਲੀ ਉਮਰ ਤੇ ਰਹਿ ਗਈ ਥੋੜੇ ਸਾਲ ।

ਦਿਲ ਵਿਚ ਪੁੱਟੀ ਬੈਠਾ ਹਾਂ ਕੁੱਝ ਨਿੱਕੀਆਂ ਵੱਡੀਆਂ ਕਬਰਾਂ ।

ਸੱਧਰਾਂ ਨੂੰ ਦਫ਼ਨਾਈ ਜਾਨਾਂ ਵਾਂ ਮੈਂ ਨਾਲੋ-ਨਾਲ ।

ਪਹਿਲਾਂ ਈ ਬਹੁਤ ਏ ਮੇਰੇ ਅੰਦਰ ਸਾਵੇ ਜ਼ਹਿਰ ਦਾ ਕਹਿਰ,

ਉੱਤੋਂ ਹੋਰ ਵੀ ਪੁੰਗਰ ਪਈਆਂ ਵੇਲਾਂ ਆਲ-ਦਵਾਲ ।

ਸੁੱਤਿਆਂ ਕੰਨੀ ਪੈ ਗਈ ਕਿਧਰੇ ਦੂਰੋਂ ਢੋਲ ਦੀ ਵਾਜ,

ਅੱਖਾਂ ਮਲਦੀ ਜਾਗ ਪਈ ਏ ਪਿੰਡੇ ਵਿੱਚ ਧਮਾਲ ।

'ਅੰਜੁਮ' ਜਿਹੜੇ ਲਹੂ ਨੇ ਤੇਰੇ ਅੱਤ ਮਚਾਈ ਹੋਈ,

ਉਸੇ ਲਹੂ ਨਾਲ ਅੰਦਰੋਂ ਆਪਣੇ ਜੁੱਸੇ ਨੂੰ ਹੰਘਾਲ ।

📝 ਸੋਧ ਲਈ ਭੇਜੋ