ਚੁਣ ਚੁਣ ਕੇ ਮੈਂ ਰੰਗ

ਚੁਣ ਚੁਣ ਕੇ ਮੈਂ ਰੰਗ ਅਨੋਖੇ

ਇੱਕ ਤਸਵੀਰ ਬਣਾਉਂਦਾ ਹਾਂ।

ਧੁੰਦਲੇ ਜਹੇ ਇੱਕ ਸੁਪਨੇ ਦਾ ਮੈਂ

ਮੂੰਹ-ਮੱਥਾ ਰੁਸ਼ਨਾਉਂਦਾ ਹਾਂ।

ਰੁੱਤਾਂ ਕੋਲ ਗਿਲੇ ਕੀ ਕਰੀਏ

ਯਾਰਾਂ ਨਾਲ ਨਾਰਾਜ਼ ਨਹੀਂ,

ਬੀਤ ਗਈਆਂ ਘੜੀਆਂ ਦਾ ਕਿਸ ਨੂੰ

ਫਿਰ ਮੈਂ ਦਰਦ ਸੁਣਾਉਂਦਾ ਹਾਂ।

ਤੁਰ ਗਏ ਯਾਰ ਹਿਲਾ ਹੱਥਾਂ ਨੂੰ

ਛੱਡ ਵਿਚਾਲੇ ਮੰਜ਼ਿਲ ਨੂੰ,

ਹਾਲੀ ਵੀ ਕਿਉਂ ਓਸ ਸਫ਼ਰ ਦੇ

ਨਕਸ਼ੇ ਨਿੱਤ ਬਣਾਉਂਦਾ ਹਾਂ।

ਪੁੱਛਦੇ ਨੇ, ‘‘ਕੀ ਕਰਦਾ ਹਾਂ ਮੈਂ?’’

ਕੀ ਦੱਸਾਂ, ਕੀ ਸਮਝਾਵਾਂ?

ਪਾਈਆਂ ਵਿੱਥਾਂ, ਦਾਗ਼ ਦਿਲਾਂ ਦੇ

ਨਿਸਦਿਨ ਪਿਆ ਮਿਟਾਉਂਦਾ ਹਾਂ।

ਮੰਜ਼ਿਲ ਸੀ ਜਦ ਇੱਕੋ ਸਾਡੀ

ਤੇ ਸੁਪਨੇ ਵੀ ਸਾਂਝੇ ਸਨ

ਕਿੰਝ ਵਧ ਗਈਆਂ ਤਰੇੜਾਂ, ਪਾੜੇ,

ਇਹ ਗੁੱਥੀ ਸੁਲਝਾਉਂਦਾ ਹਾਂ।

ਬਹੀਏ ਹੋ ਨੇੜੇ ਨੇੜੇ

ਰਲ ਸੁਲਝਾਈਏ ਤੰਦਾਂ ਨੂੰ

ਤੇਰਾ ਰਾਹ ਤੱਕਦਾ ਮੈਂ ਅਕਸਰ

ਕਾਲੇ ਕਾਗ ਉਡਾਉਂਦਾ ਹਾਂ।

ਕਦੇ ਕਦੇ ਜਦ ਬਹਾਂ ਇਕੱਲਾ

ਬਹੁਤ ਉਦਾਸੀ ਹੁੰਦੀ ਹੈ,

ਜਾਂ ਭੀੜਾਂ ਜੁੜ ਜਾਣ ਚੁਫ਼ੇਰੇ

ਫਿਰ ਗਾਉਂਦਾ, ਮੁਸਕਰਾਉਂਦਾ ਹਾਂ।

ਜਦ ਪੈ ਜਾਵੇ ਘੇਰਾ ਮੈਨੂੰ

ਚਾਰ ਚੁਫ਼ੇਰਿਓਂ ਦੁਸ਼ਮਣ ਦਾ,

ਐਸੇ ਸੰਕਟ, ਕਵਿਤਾ ਦਾ ਮੈਂ

ਜਾ ਬੂਹਾ ਖੜਕਾਉਂਦਾ ਹਾਂ।

ਉਸ ਦੇ ਕੋਲ ਬੜੀ ਹੈ ਸ਼ਕਤੀ

ਉਹ ਬਲ ਦਿੰਦੀ ਨਿੱਤ ਨਵਾਂ,

ਉਸ ਨੂੰ ਮਿਲ, ਰਾਹ ਰੌਸ਼ਨ ਹੁੰਦੇ

ਧੂੜ ਮੱਥੇ ’ਤੇ ਲਾਉਂਦਾ ਹਾਂ।

📝 ਸੋਧ ਲਈ ਭੇਜੋ