ਚੁੱਪ ਚੁੱਪ ਰਾਤ ਭਰੀ ਹੈ ਸੁਗੰਧੀਆਂ ਦੀ
ਕਿੱਡੀ ਸੋਹਣੀ ਤਾਰਿਆਂ ਦੀ ਲੋਅ
ਇੱਕ ਤੇਰਾ ਮੁੱਖ ਗਜ਼ਲ਼ ਦੀ ਤਰਨਮ ਜੇਹਾ
ਸੁਰ ਚ ਲਿਆ ਹੱਸਦਾ ਪਰੋਅ
ਕੋਸਾ ਕੋਸਾ ਸੇਕ ਤੇਰੇ ਅੰਗਾਂ ਵੱਲੋਂ ਆਇਆ
ਅਸੀਂ ਸਾਹਾਂ ਵਿਚ ਲਿਆ ਹੈ ਲੁਕੋ
ਚਿੱਟੇ ਚਿੱਟੇ ਦੰਦਾਂ ਵਿਚੋਂ ਉੱਡਦਿਆਂ ਹਾਸਿਆਂ ਨੂੰ
ਹੋਟਾਂ ਦੀ ਪੈ ਜਾਵੇ ਕਦੇ ਖੋਅ
ਡੁੱਲਦੀ ਜਵਾਨੀ ਕੁਆਰੇ ਜੇਹੇ ਅੰਗਾਂ ਵਿਚੋਂ
ਮੱਲੋ ਮੱਲੀ ਪੈਂਦੀ ਝੱਟ ਚੋਅ
ਕਿਹੋ ਜੇਹੇ ਆਏ ਦਿਨ ਚੰਦਰੀਆਂ ਵੰਗਾਂ ਉੱਤੇ
ਲੱਭਦੇ ਨੇ ਚੰਨੜੇ ਦੀ ਛੁਹ
ਪਾਇਆ ਭੋਰਾ ਨਖ਼ਰਾ ਸੀ ਨਜ਼ਰਾਂ ਨਿਮਾਣੀਆਂ ਚ
ਹੰਝੂਆਂ ਨੇ ਦਿਤਾ ਸਾਰਾ ਧੋਅ
ਕਿੱਦਾਂ ਕੋਈ ਹਰਾ ਕਰੇ ਫੁੱਲ ਨੀ ਕਿਤਾਬ ਵਾਲਾ
ਪਾਰਕ ਦੀਆਂ ਯਾਦਾਂ ਦਾ ਮੋਹ
ਤੇਰੇ ਵੇ ਖਿਆਲ ਵਿਚ ਚੀਰੇ ਦੇ ਜਲਾਲ ਵਿਚ
ਚੌਦਵੀਂ ਦੇ ਚੰਨਾਂ ਦੀ ਨਾ ਖੋਹ
ਏਧਰ ਨੂੰ ਮੁੱਖ ਕਰ ਬਾਹਵਾਂ ਦਾ ਜਰਾ ਸੁੱਖ ਕਰ
ਉਰਾਂ ਹੋ ਕੇ ਜ਼ਰਾ ਤੂੰ ਖਲੋਅ
ਰਹਿਣ ਦੇ ਵੇ ਦੇਖਦਾ ਜਹਾਨ ਭੈੜਾ ਚੰਦਰਾ
ਤੂੰ ਇਸ਼ਕ ਦੇ ਬੂਹੇ ਨਾ ਵੇ ਢੋਅ
ਕਿੰਜ਼ ਕੋਈ ਲੰਘਾਵੇ ਰਾਤਾਂ
ਉਨੀਂਦਰੀਆਂ ਸਵਾਵੇ ਬਾਤਾਂ
ਬੰਸਰੀ ਦੇ ਛੇਕ ਪੈਣ ਰੋਅ