ਚੁੱਪ ਰਹਿ ਕੇ ਉਹ ਭੁਲੇਖਾ

ਚੁੱਪ ਰਹਿ ਕੇ ਉਹ ਭੁਲੇਖਾ ਪਿਆਰ ਦਾ ਪਾਉਂਦਾ ਰਿਹਾ

ਮੇਰੀਆਂ ਸੱਧਰਾਂ ਦਾ ਕਾਤਲ ਬਣ ਕੇ ਪਛਤਾਉਂਦਾ ਰਿਹਾ

ਉਹ ਹੁਸਨ ਦਾ ਬਾਦਸ਼ਾਹ ਬੈਠਾ ਨਾ ਇਕ ਥਾਵੇਂ ਕਦੀ

ਇਕ ਬੂਹੇ ਆਉਂਦਾ ਰਿਹਾ ਦੂਜੇ ਬੂਹੇ ਜਾਂਦਾ ਰਿਹਾ

ਜਦ ਮੈਂ ਆਪਣੇ ਦਰਦ ਦੇ ਹੱਥੋਂ ਬੇਵਸਾ ਹੋ ਗਿਆ

ਉਹ ਮੇਰੇ ਜ਼ਖਮਾਂ ਤੇ ਫਹੇ ਪਿਆਰ ਦੇ ਲਾਉਂਦਾ ਰਿਹਾ

ਢਹਿ ਨਾ ਜਾਵੇ ਭਰਮ ਮੇਰਾ ਅੱਜ ਰਕੀਬਾਂ ਸਾਹਮਣੇ

ਰੋਂਦੀਆਂ ਅੱਖਾਂ ਦੇ ਵਿਚੋਂ ਮੈਂ ਵੀ ਮੁਸਕਾਉਂਦਾ ਰਿਹਾ

ਜਿੰਨ੍ਹੇ ਦਮੜੀ ਵੀ ਗ਼ਰੀਬਾਂ ਨੂੰ ਕਦੀ ਦਿੱਤੀ ਨਾ ਸੀ

ਕੈਮਰੇ ਦੇ ਸਾਹਮਣੇ ਉਹ ਨੋਟ ਵਰਤਾਉਂਦਾ ਰਿਹਾ

'ਸ਼ਾਹਿਦਾ' ਸੀ ਮਾਣ ਜਿਹਨੂੰ ਬਾਜ਼ੂਆਂ ਦੇ ਜ਼ੋਰ ਦਾ

ਉਹ ਕਿਨਾਰੇ ਬਹਿ ਝਨ੍ਹਾਂ ਦੇ ਵਾਸਤੇ ਪਾਉਂਦਾ ਰਿਹਾ

📝 ਸੋਧ ਲਈ ਭੇਜੋ