ਚੁੱਪ ਚਾਪ ਲਾਈ

ਚੁੱਪ ਚਾਪ ਲਾਈ, ਚੁੱਪ ਚਾਪ ਛੱਡਣੀ ।

ਇਹ ਗੱਲ ਜ਼ਮਾਨੇ, ਕਦੇ ਨਹੀਂ ਮੰਨਣੀ ।

ਭੰਡੀ ਕਰਵਾ ਛੱਡੇ, ਜ਼ਮਾਨਾ ਵੇਖ ਵੇਖ ਹੱਸੇ,

ਇਹੋ ਜਿਹੀ ਰੀਤ, ਸੱਚੇ ਆਸ਼ਕਾਂ ਨਾ ਜੱਚਣੀ ।

ਰੀਤਾਂ ਤੇ ਰਿਵਾਜਾਂ, ਚੁੱਪ ਨੂੰ  ਸੀ ਵਰਜਿਆ ।

ਸਾਡੇ ਬਿਨਾਂ ਲਾਈ, ਤੇਰੀ ਕਦੇ ਨਹੀ ਨਿਭਣੀ ।

ਚੁੱਪ ਵੇਖ ਚੁੱਪ ਨੂੰ , ਤਜ਼ਰਬੇ ਦੀ ਗੱਲ ਦੱਸੀ ।

ਤੀਰ ਵਾਂਗ ਚੁੱਪ ਤੇਰੀ, ਸਦਾ ਉਹਨਾਂ ਚੁਭਣੀ ।

ਜੰਗ ਮਾਰ ਛੱਡਿਆ, ਫੇਰ ਕਿਹੜੇ ਮੇਲ ਹੋਣੇ ।

ਕਬਰ ਖ਼ਿਆਲਾਂ ਪੈਣੀ, ਅੰਦਰ ਹੀ ਪੁੱਟਣੀ ।

ਭੁੱਬਾਂ ਨੂੰ  ਸਮੇਟ 'ਸਰਬ', ਹਾਸਿਆਂ ਦੀ ਚਾਦਰ 'ਚ,

ਇੱਕ ਇੱਕ ਸੱਧਰ, ਕਬਰੀਂ ਰੀਝਾਂ ਨਾਲ ਦੱਬਣੀ ।

ਸੋਹਣੇ ਸੋਹਣੇ ਸੁਫ਼ਨੇ, ਸਜਾਏ ਜੋ ਜਿਉਣ ਲਈ ।

ਆਵਣਗੇ ਕਿੰਞ, ਸਾਡੀ ਅੱਖ ਹੀ ਨਹੀਂ ਲੱਗਣੀ ।

ਲਾਉਣ ਵੇਲੇ ਭਾਈ ਸੀ, ਸੱਜਣਾ ਨੂੰ  ਚੁੱਪ ਮੇਰੀ ।

ਚੁੱਪ ਵੱਟ ਨਿਭਾ ਦੇਣੀ, ਖ਼ਬਰ ਵੀ ਨਾ ਛੱਡਣੀ ।

📝 ਸੋਧ ਲਈ ਭੇਜੋ