ਚੁੱਪ ਦਾ ਜੰਗਲ

ਜਦੋਂ ਦਾ ਸਾਡੇ ਹੋਠਾਂ 'ਤੇ

ਚੁੱਪ ਦਾ ਜੰਗਲ ਉੱਗ ਆਇਆ ਹੈ

ਸਾਡੀਆਂ ਜ਼ੁਬਾਨਾਂ 'ਤੇ ਹੀ ਪਥਰਾਅ ਗਈਆਂ ਨੇ

ਤਸੀਹੇ ਸਹਿੰਦੀਆਂ ਰੀਝਾਂ ਦੀਆਂ ਚੀਕਾਂ

ਕੇਹਾ ਜੰਗਲ ਹੈ

ਜਿਸਦੇ ਪੱਤੇ-ਪੱਤੇ 'ਚੋਂ ਚੋਂਦਾ ਹੈ

ਦਰਦ ਦਾ ਹੰਝੂ

ਜਿਸਦੀਆਂ ਟਹਿਣੀਆਂ ਨੂੰ ਪੈਂਦੇ ਨੇ

ਪੀੜਾਂ ਦੇ ਕੜਵੱਲ

ਜਿਸਦੇ ਸੰਘਣੇ ਹਨ੍ਹੇਰੇ 'ਚ ਗੁਆਚ ਗਿਆ

ਚਾਨਣ ਦਾ ਬੀਜ

ਤੇ ਅਸੀਂ ਬੇਸਮਝ

ਕੋਹਲੂ ਦੇ ਬੈਲ ਵਾਂਗ

ਗਲ਼ 'ਚ ਲਮਕਾਈ

ਰੁਝੇਵਿਆਂ ਦੀਆਂ ਟੱਲੀਆਂ

ਟੁਣ-ਟੁਣ ਕਰਦੇ

ਹੋਠਾਂ 'ਤੇ ਫੈਲੇ ਚੁੱਪ ਦੇ ਅਰਥਾਂ ਨੂੰ

ਗੂੰਗੇ ਬੋਲਾਂ ਜਿਹੇ

ਮਹਾਂਨਗਰਾਂ 'ਚ ਭਾਲਦੇ ਫਿਰਦੇ ਹਾਂ

ਅਸੀਂ ਆਧੁਨਿਕ ਮਸ਼ੀਨੀ ਲੋਕ

ਅਸੰਭਵ ਨੂੰ ਸੰਭਵ ਬਣਾਉਣ ਵਾਲੇ

ਖ਼ੁਦ ਨੂੰ ਰੱਬ ਅਖਵਾਉਣ ਵਾਲੇ

ਕਰ ਨਹੀਂ ਸਕੇ

ਪੱਥਰ ਬਣੇ ਚੁੱਪ ਦੇ ਜੰਗਲ ਨੂੰ

ਝੂਮਣ ਲਾਉਣ ਦੀ ਕਰਾਮਾਤ

ਆਖ਼ਿਰ ਕਦੋਂ ਤੱਕ

ਇਸ ਚੁੱਪ ਦੇ ਜੰਗਲ 'ਚ ਕੈਦ ਹੋ

ਭੁੱਲ-ਭੁਲੱਈਆਂ ਦੀ ਖੇਡ ਖੇਡਦੇ ਰਹਾਂਗੇ

ਸੂਝ ਦੀ ਕੋਈ ਛੜ ਘੁਮਾਈਏ

ਚੁੱਪ ਦੇ ਮਾਤਮ ਨੂੰ ਗਲ਼ੋਂ ਲਾਹਈਏ

ਅਲਫ਼ਾਜ਼ ਨੂੰ ਗਹਿਣਾ ਬਣਾ ਪਹਿਨੀਏ

ਸਜੀਏ,ਸੰਵਰੀਏ

ਚੁੱਪ ਦੇ ਜੰਗਲ 'ਚੋਂ ਬਾਹਰ ਨਿਕਲੀਏ

ਤੁਰ ਪਈਏ

ਸੱਚੇ-ਸੁੱਚੇ ਬੋਲਾਂ ਦੇ ਰਸਤੇ 'ਤੇ…!

📝 ਸੋਧ ਲਈ ਭੇਜੋ