ਚੁੱਪ ਨਹੀਂ ਹੁਣ ਰਹਿ ਹੁੰਦਾ

ਚੁੱਪ ਨਹੀਂ ਹੁਣ ਰਹਿ ਹੁੰਦਾ ਤੱਕ ਰੁੱਤਾਂ ਦਾ ਵਿਰਲਾਪ

ਜੰਗਲ ਵਿੱਚ ਨਾ ਸਹਿ ਹੁੰਦਾ ਹੁਣ ਰੁੱਖਾਂ ਦਾ ਵਿਰਲਾਪ

ਬੰਦੇ ਵਿੱਚੋਂ ਬੰਦਾ ਮਰਿਆ, ਰਹਿ ਗਿਆ ਖਾਲੀ ਬੁੱਤ 

ਬੋਲਣ ਨਾਲੋਂ ਜਿਆਦਾ ਚੁੱਭਦਾ ਚੁੱਪਾਂ ਦਾ ਵਿਰਲਾਪ

ਜੱਮਣ-ਪੀੜਾਂ ਸਹਿਣੋਂ ਪਹਿਲਾਂ ਗਰਭਵਤੀ ਦੀ ਪੀੜ 

ਕੱਦ ਤੱਕ ਹੁੰਦਾ ਰਹੇਗਾ ਏਦਾਂ ਕੁੱਖਾਂ ਦਾ ਵਿਰਲਾਪ

ਸੜਕੀਂ ਰੋਲੇ 'ਜਿਨ੍ਹਾਂ ਦੇ ਪੁਰਖੇ ਮਰੇ ਦੇਸ਼ ਦੀ ਖਾਤਰ 

ਨੇਰ੍ਹ ਦੇ ਅੱਗੇ ਹੁੰਦਾ ਤੱਕਿਆ ਧੁੱਪਾਂ ਦਾ ਵਿਰਲਾਪ

ਵੇਖਿਓ ਕਿੱਧਰੇ ਝੋਕ ਨਾ ਦੇਣਾ ਉਸੇ ਦੌਰ ਵਿੱਚ ਸਾਨੂੰ

ਚੇਤੇ ਮਾਵਾਂ ਅੱਜ ਵੀ 'ਕਰਦੀਆਂ ਪੁਤਾਂ ਦਾ ਵਿਰਲਾਪ

ਬੰਨ੍ਹ  ਸਬਰ ਦਾ ਟੁੱਟਣ ਕੰਢੇ ਆਖਿਰ ਟੁੱਟ ਹੀ ਜਾਣੈਂ 

ਕੱਦ ਤੱਕ ਸ਼ਹਿਣਗੇ ਅੱਕੇ ਲੋਕੀਂ ਦੁੱਖਾਂ ਦਾ ਵਿਰਲਾਪ 

📝 ਸੋਧ ਲਈ ਭੇਜੋ