ਏਸ ਚੁਰਾਹੇ ਦਾ ਮਨ ਠਹੁਰੇ ਅਜੇ ਨਹੀਂ ਹੈ
ਅੱਭੜਵਾਹੇ ਉਠ ਕੇ
ਡੂੰਘੇ ਵੈਣ ਕਰੇ ਦਰਿਆਵਾਂ ਦੇ
ਮਰੇ ਮੁਹੱਬਤੀ ਮੁੰਡਿਆਂ ਦੇ ਨਾਂ ਗਿਣਦਾ ਗਿਣਦਾ
ਭੁੱਲ ਜਾਂਦਾ, ਚੁਪ ਹੋ ਜਾਂਦਾ ਹੈ
ਜਾਪੇ ਜੀਕਣ ਹੁਣੇ ਉਬਲਦਾ
ਕੋਈ ਸਮੁੰਦਰ ਫ਼ੌਤ ਹੋ ਗਿਆ
ਕਦੇ ਅਚਾਨਕ ਹਸਦਾ ਹੈ ਤਾਂ ਲਗਦਾ ਹੈ
ਮੀਲਾਂ ਤੀਕਰ ਧਰਤੀ ਤਿੜਕ ਰਹੀ ਹੈ
ਏਸ ਚੁਰਾਹੇ ਦਾ ਮਨ ਠਹੁਰੇ ਅਜੇ ਨਹੀਂ ਹੈ
ਅੱਧਾ ਸਿਰ ਤਾਂ ਤਿੱਖੀ ਦਾਤਰ ਹੂੰਝ ਗਈ
ਅੱਧੇ ਵਿਚ ਕੀਟਾਣੂ ਰਿਝਦੇ ਗੜ੍ਹਕ ਰਹੇ
ਪਤਾ ਨਹੀਂ ਕਦ ਉਬਲ ਪੈਣਗੇ ਕੰਢਿਆਂ ਤੋਂ
ਏਸ ਚੁਰਾਹੇ ਦਾ ਮਨ ਠਹੁਰੇ ਅਜੇ ਨਹੀਂ ਹੈ
ਇਸ ਅੱਬਾ ਨੇ ਆਪਣੀ ਧੀ ਅਗ਼ਵੇ ਤੋਂ ਪਹਿਲਾਂ
ਏਸੇ ਥਾਵੇਂ ਨੰਗਮੁਨੰਗੀ ਵੇਖੀ ਸੀ
ਸੋਚ ਰਿਹਾ ਹੈ :
ਨੰਗੇ ਧੜ ਅਗ਼ਵਾ ਹੋ ਜਾਣ ਦਾ ਕੀ ਮਤਲਬ ਹੈ ?