ਕਿੰਨੀ ਅੰਨ੍ਹੀ ਹੈ ਇਹ ਰਾਤ

ਬੁਝ ਗਏ ਸਾਰੇ ਚਿਰਾਗ,

ਚੌਂਕ ਦੀ ਬੱਤੀ ਬਿਨਾਂ-

ਚੌਂਕ ਦੀ ਮਰੀਅਲ ਜਹੀ ਬੱਤੀ ਬਿਨਾਂ

ਕਿਰਨ ਚਾਨਣ ਦੀ ਕਿਤੋਂ ਵੀ ਪਾ ਰਹੀ ਨਾ ਕੋਈ ਝਾਤ।

ਸੁੰਘਿਆ ਇਸ ਨੂੰ ਉਦਾਸੀ-ਸੱਪ ਨੇ,

ਸੌਂ ਗਿਆ ਕਿ ਮਰ ਗਿਆ ਇਹ ਸ਼ਹਿਰ ਹੈ? 

ਹੌਕੇ ਭਰਦੀ ਸੋਗ ਦੇ

ਹੈ ਪੌਣ ਸਾਹੋਂ ਉੱਖੜੀ,

ਫੂਕਰਾਂ ਨੇ ਮਾਰਦੇ ਨ੍ਹੇਰੇ ਦੇ ਨਾਗ,

ਇਸ ਫ਼ਜ਼ਾ ਦੀ ਰਗ ਰਗ ਵਿਚ ਜ਼ਹਿਰ ਹੈ, 

ਕਹਿਰ ਹੈ, ਹਾਏ ਕਹਿਰ ਹੈ।

ਰਾਤ ਕਿੰਨੀ ਸੀਤ ਹੈ !

ਦਿਲ ਕਿਸੇ ਦੀ ਨੁੱਕਰੇ ਵੀ ਚਿਣਗ ਬਾਕੀ ਹੈ ਕੋਈ?

ਭੇਤ ਨਾ ਕੋਈ ਭੇਤ ਨਾ,

ਅਹਿਸਾਸ ਠੰਢਾ ਹੋ ਰਿਹਾ, 

ਸੁੰਨ ਹੁੰਦੀ ਜਾ ਰਹੀ ਹੈ ਚੇਤਨਾ।

ਚੌਹੀਂ ਪਾਸੀਂ ਰਾਤ ਅੰਨ੍ਹੀ ਸੀਤ ਹੈ, 

ਕਿੰਨਾ ਔਖਾ ਹੈ ਚੁਰਸਤਾ ਛੱਡਣਾ

ਹਾਏ ਹੱਡਾਂ ਵਿਚ ਸਿੱਕਾ ਭਰ ਗਿਆ। 

ਸੱਚ ਤੇ ਪਰਦਾ ਸਿਆਹ

ਤੇ ਸੂਝ ਦੀ ਹੋਈ ਬੇਵਾਹ।

ਚੌਂਕ ਦੀ ਮਰੀਅਲ ਜਹੀ ਬੱਤੀ

ਕਿਸੇ ਨੂੰ ਕੀ ਵਿਖਾ ਸਕਦੀ ਰਾਹ

ਐਵੇਂ ਹਮਦਰਦੀ ਜਹੀ ਜਤਲਾ ਰਹੀ,

ਕੁਝ ਕਹਿੰਦੀ ਥਥਲਾ ਰਹੀ

ਮੌਤ ਦਾ ਪਹਿਰਾ ਸਹੀ

ਫਿਰ ਵੀ ਆਖ਼ਰ ਸ਼ਹਿਰ ਹੈ,

ਮਨਾ, ਚਲ ਫੇਰ ਕੋਈ ਖਟਖਟਾ ਕੇ ਵੇਖ ਦਰ

ਨਾ ਸਹੀ ਕੋਈ ਉਮੀਦ

ਪਰ ਕੋਈ ਹੀਲਾ ਤਾਂ ਕਰ

📝 ਸੋਧ ਲਈ ਭੇਜੋ