ਕਰੋਨਾ ਆਇਆ ਵਾਇਰਸ ਆਇਆ
ਭੁੱਲੇ ਭਟਕੇ ਰਾਹੇ ਪਾਇਆ।
ਜੋ ਛੱਡਨਾ ਅਸਥਿਰ ਕਹਿੰਦਾ ਸੀ
ਨਿੱਜਘਰ ਛੱਡ ਪਰਘਰ ਰਹਿੰਦਾ ਸੀ
ਕਮਲਾ ਹੋਇਆ ਭੱਜਾ ਫਿਰਦਾ
ਕਰੋਨੇ ਫੜਕੇ ਘਰ ਬਿਠਾਇਆ।
ਕਰੋਨਾ ਆਇਆ ਵਾਇਰਸ ਆਇਆ
ਭੁੱਲੇ ਭਟਕੇ ਰਾਹੇ ਪਾਇਆ।
ਘਰਵਾਲੀ ਛੱਡ ਪਰਨਾਰੀ ਭਾਲੇ
ਦੁੱਧ ਵੈਰੀ, ਦੋਸਤ, ਠੇਕੇ ਵਾਲੇ
ਗੁਰੂ ਘਰ, ਮੰਦਿਰ, ਮਸਜਿਦ ਭੁੱਲਿਆ
ਭਜਨ ਕੀਰਤਨ ਪਾਸੇ ਲਾਇਆ।
ਕਰੋਨਾ ਆਇਆ ਵਾਇਰਸ ਆਇਆ
ਭੁੱਲੇ ਭਟਕੇ ਰਾਹੇ ਪਾਇਆ।
ਮੁਰਗ ਮੁਸੱਲਮ ਨਾਲੇ ਦਾਰੂ
ਹੋਟਲ, ਮੌਲ, ਕੰਮ ਬਾਜ਼ਾਰੂ
ਬਾਲ਼ ਨਿਆਣੇ ਭੁੱਲੀ ਪਤਨੀ
ਹੁਣ ਵੇਖੋ ਘਰ ਕੰਮੀ ਲਾਇਆ।
ਕਰੋਨਾ ਆਇਆ ਵਾਇਰਸ ਆਇਆ
ਭੁੱਲੇ ਭਟਕੇ ਰਾਹੇ ਪਾਇਆ।
ਸੁਬੇ ਸ਼ਾਮ ਦਾ ਵੱਲ ਨਾ ਕੋਈ
ਰੱਬ ਘਰ ਕਿੰਝ ਹੋਣੀ ਸੀ ਢੋਈ
ਅੱਧੀ ਰਾਤ ਤਕ ਰੰਗ ਤਮਾਸ਼ੇ
ਐਨ ਟੈਮ ਤੇ ਮੰਜੇ ਪਾਇਆ।
ਕਰੋਨਾ ਆਇਆ ਵਾਇਰਸ ਆਇਆ
ਭੁੱਲੇ ਭਟਕੇ ਰਾਹੇ ਪਾਇਆ।
ਜਦ ਵੇਖੋ ਇਹ ਲੈਕਚਰ ਝਾੜੇ
ਵਿਹਲਾ ਨੲ੍ਹੀਂ, ਮੈਂ ਸੌ ਪੁਆੜੇ
ਹਰ ਸ਼ੈ ਦੱਸੇ ਆਪਣੇ ਅੰਡਰ
ਅੱਜ ਝਾੜੂ ਹੈ ਹੱਥ ਫੜਾਇਆ।
ਕਰੋਨਾ ਆਇਆ ਵਾਇਰਸ ਆਇਆ
ਭੁੱਲੇ ਭਟਕੇ ਰਾਹੇ ਪਾਇਆ।
ਪਸ਼ੂ ਪੰਛੀ ਤੇ ਕੁਦਰਤ ਸਾਰੀ
ਆਖਣ ਬੰਦਾ ਹੈ ਬਿਮਾਰੀ
ਧਰਤੀ ਮਾਂ ਨੂੰ ਵੇਖੋ ਇਸਨੇ
ਕਿੱਦਾਂ ਹੈਗਾ ਨਰਕ ਬਣਾਇਆ।
ਕਰੋਨਾ ਆਇਆ ਵਾਇਰਸ ਆਇਆ
ਭੁੱਲੇ ਭਟਕੇ ਰਾਹੇ ਪਾਇਆ।
ਘਰਵਾਲਾ ਅੱਜ ਹੈ ਘਰਵਾਲਾ
ਨੌਕਰ ਚਾਕਰ ਜਾਂ ਰਖਵਾਲਾ
ਕੰਮ ਕਾਜ ਖ਼ੁਦ ਭੱਜ ਭੱਜ ਕਰਦਾ
ਹਰ ਨੌਕਰ ਨੂੰ ਘਰੋਂ ਭਜਾਇਆ।
ਕਰੋਨਾ ਆਇਆ ਵਾਇਰਸ ਆਇਆ
ਭੁੱਲੇ ਭਟਕੇ ਰਾਹੇ ਪਾਇਆ।
ਕੋਇਲ ਭੀ ਹੁਣ ਕੂ ਕੂ ਬੋਲੇ
ਮੋਟਰ ਗੱਡੀਆਂ ਦੇ ਨਾ ਰੌਲੇ
ਸਾਫ਼ ਹਵਾਵਾਂ ਮਹਿਕਣ ਕਲੀਆਂ
‘ਉੱਪਲ’ ਮੌਸਮ ਹੈ ਨਸ਼ਿਆਇਆ।
ਕਰੋਨਾ ਆਇਆ ਵਾਇਰਸ ਆਇਆ
ਭੁੱਲੇ ਭਟਕੇ ਰਾਹੇ ਪਾਇਆ।