ਯਾਰ ਅਲੈਂਡੇ!
ਤੈਨੂੰ ਗਿਲਾ ਹੋਣੈ
ਕਿ ਮੈਂ ਤੇਰੀ ਮੌਤ ਤੇ ਸੋਗ ਨਹੀਂ ਕੀਤਾ
ਤੇਰੀ ਖੁਦਕਸ਼ੀ ਦੀ ਖਬਰ ਨੂੰ
ਮੈਂ ਝੂਠ ਨਹੀਂ ਦੱਸਿਆ
ਤੇ ਨਾ ਹੀ ਕਿਹਾ ਹੈ
ਤੇਰੇ ਕਤਲ ਨੂੰ ਸੀ.ਆਈ.ਏ. ਦੀ ਸਾਜ਼ਸ
ਤੈਨੂੰ ਇਹ ਵੀ ਯਾਦ ਹੋਣੈ
ਜਦ ਤੂੰ ਡਹੀ-ਡਹਾਈ ਕੁਰਸੀ ਤੇ
ਮਲਕੜੇ ਜਿਹੇ ਬੈਠ ਗਿਆ ਸੈਂ
ਮੈਂ ਤੈਨੂੰ ਵਧਾਈ ਨਹੀਂ ਘੱਲੀ ਸੀ
ਸਗੋਂ
ਮੈਂ ਤਾਂ ਸਮਝ ਛੱਡਿਆ ਸੀ
ਕਿ ਤੂੰ ਖੁਦਕਸ਼ੀ ਕਰ ਲਈ ਏ
ਕੁਰਸੀ
ਜੋ ਬਣੀ ਹੋਵੇ ਸੀ.ਆਈ. ਏ. ਕਾਰਖਾਨੇ 'ਚ
ਕੁਰਸੀ
ਜਿਸ ਦਾ ਗੁਰੂਤਾ-ਕੇਂਦਰ ਵਾਸ਼ਿੰਗਟਨ 'ਚ ਹੋਵੇ
ਅਜਿਹੀ ਕੁਰਸੀ ਤੇ ਬਹਿ ਕੇ
ਕਿਸੇ ਅਲੈਂਡੇ ਦਾ ਉਲਟ ਜਾਣਾ
ਕਿਹੜੀ ਅਚੰਭੇ ਦੀ ਗੱਲ ਸੀ
ਪਰ ਜੇ
ਬਿਜਲੀ ਵਿਭਾਗ ਦਾ ਕੋਈ ਇੰਜਨੀਅਰ
ਨੰਗੀ ਤਾਰ ਤੇ ਹੱਥ ਰੱਖ ਕੇ ਮਰ ਜਾਏ
ਤਾਂ ਉਸ ਨੂੰ ਖੁਦਕਸ਼ੀ ਨਹੀਂ
ਤਾਂ ਹੋਰ ਕੀ ਕਹੀਏ!
ਜੇ ਕੋਈ ਸਪੇਰਾ
ਦੰਦ ਕੱਢੇ ਬਿਨਾਂ ਸੱਪ ਨੂੰ
ਪਟਾਰੀ 'ਚ ਪਾਏ
ਤੇ ਫਿਰ ਡੰਗ ਖਾ ਕੇ ਮਰ ਜਾਏ
ਤਾਂ ਉਸ ਨੂੰ ਖੁਦਕਸ਼ੀ ਨਹੀਂ
ਤਾਂ ਹੋਰ ਕੀ ਕਹੀਏ
ਅਲੈਂਡੇ!
ਤੂੰ ਸੁਣਿਆ ਹੋਣੈ
ਕਿ ਤਾਕਤ ਲੋਕ ਹੁੰਦੇ ਨੇ
ਪਰ ਬੈਲਟ ਵਾਲੇ ਨਹੀਂ
ਬੁਲਟ ਵਾਲੇ ਲੋਕ
ਪੋਲਿੰਗ ਬੂਥ ਤੇ ਲੱਗੀ ਲਾਈਨ ਵਿੱਚ
ਤੇ ਖੁਸਰਿਆਂ ਦੁਆਲੇ ਜੁੜੀ ਭੀੜ ਵਿੱਚ
ਕੋਈ ਢੇਰ ਅੰਤਰ ਨਹੀਂ ਹੁੰਦਾ
ਪਰ ਬਹੁਤ ਅੰਤਰ ਹੁੰਦਾ ਹੈ
ਡਾਂਡੀ ਮਾਰਚ ਵਿੱਚ
ਤੇ ਲੌਂਗ ਮਾਰਚ ਵਿੱਚ
ਖਾਨਗਾਹਾਂ ਤੇ ਦੀਵੇ ਬਾਲਦੇ
ਜਾਂ ਸਾਧਾਂ ਤੋਂ ਪੁੱਤ ਭਾਲਦੇ
ਜਾਂ ਫਿਰ ਵੋਟਾਂ ਵਾਲੇ ਡੱਬੇ 'ਚੋਂ
ਲਭਦੇ ਹੋਏ ਰਾਜ ਪਲਟੇ
ਕਹਿਣ ਨੂੰ ਲੋਕ ਹੁੰਦੇ ਨੇ
ਪਰ ਅਸਲ ਵਿੱਚ ਭੇਡਾਂ ਦਾ ਇੱਜੜ ਹੁੰਦੇ ਨੇ
ਲੋਕ ਤਾਂ ਉਦੋਂ ਬਣਦੇ ਨੇ
ਜਦੋਂ ਪੁੱਟ ਲੈਂਦੇ ਨੇ ਕਮਾਦਾਂ ਮੁੱਢ ਮੋਰਚੇ
ਭੰਨ ਦਿੰਦੇ ਨੇ ਬੀ-52 ਦਾ ਬੁਥਾੜ
ਫਿਰ ਆਉਣ ਲੱਗਦੀਆਂ ਨੇ
ਵਾਈਟ-ਹਾਊਸ ਨੂੰ ਤਰੇਲੀਆਂ
ਤੇ ਇੱਕ ਧੁੜਧੁੜੀ ਬਣ ਕੇ ਰਹਿ ਜਾਂਦੀ ਹੈ
ਸੀ.ਆਈ.ਏ. ਦੀ ਸਾਜ਼ਸ
ਅਜਿਹੇ ਲੋਕ ਜਦ
ਕਿਸੇ ਨੂੰ ਨੇਤਾ ਥਾਪਦੇ ਹਨ
ਤਾਂ ਵਾਸ਼ਿੰਗਟਨ ਪਿਛਾਂਹ ਖੜ੍ਹਕੇ
ਨਹੁੰ ਚੱਬਦਾ ਹੈ
ਲੋਕ ਸੈਨਾ ਭਲਾਂ ਫੌਜੀ ਜੁੰਡਲੀ ਨੂੰ
ਕੀ ਦਵਾਲ ਹੁੰਦੀ ਹੈ
ਯਾਰ ਅਲੈਂਡੇ!
ਤੈਨੂੰ ਗਿਲਾ ਹੋਣੈ
ਮੈਂ ਤੇਰੀ ਮੌਤ ਤੇ ਸੋਗ ਨਹੀਂ ਕੀਤਾ
ਪਰ 'ਉਹ' ਜਿਹੜੇ ਰੋਏ ਨੇ
ਚੰਘਿਆੜਾਂ ਮਾਰ ਕੇ
ਉਹ ਤੈਨੂੰ ਨਹੀਂ ਰੋਏ
ਉਹ ਤਾਂ ਰੋਏ ਨੇ
ਕਿ ਝੂਠ ਪੈ ਗਏ ਖਰੁਸ਼ਚੋਵ ਦੇ ਮੰਤਰ
ਯਾਰ ਅਲੈਂਡੇ!
ਤੈਨੂੰ ਗਿਲਾ ਹੋਣੈ
ਕਿ ਮੈਂ ਤੇਰੀ ਮੌਤ ਤੇ ਸੋਗ ਨਹੀਂ ਕੀਤਾ
ਪਰ ਤੈਨੂੰ ਇਹ ਵੀ ਯਾਦ ਹੋਣੈ
ਜਦ ਤੂੰ ਡਹੀ-ਡਹਾਈ ਕੁਰਸੀ ਤੇ
ਮਲਕੜੇ ਜਿਹੇ ਬੈਠ ਗਿਆ ਸੈਂ
ਮੈਂ ਤੈਨੂੰ ਵਧਾਈ ਨਹੀਂ ਘੱਲੀ ਸੀ